CPC ਨੇ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰ ਰਹੇ ਨੇਤਾ ਨੂੰ ਪਾਰਟੀ ਦੀ ਤਿੱਬਤ ਇਕਾਈ ਦਾ ਮੁਖੀ ਕੀਤਾ ਨਿਯੁਕਤ
Wednesday, Oct 20, 2021 - 11:03 AM (IST)
ਬੀਜਿੰਗ (ਭਾਸ਼ਾ) : ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਵਾਂਗ ਜੁਨਝੇਂਗ ਨੂੰ ਪਾਰਟੀ ਦੀ ਤਿੱਬਤ ਇਕਾਈ ਦਾ ਮੁੱਖੀ ਨਿਯੁਕਤ ਕੀਤਾ ਹੈ। ਸ਼ਿਨਜਿਆਂਗ ਵਿਚ ਉਈਗਰ ਮੁਲਸਮਾਨਾਂ ਦੇ ਮਨੁੱਖੀ ਅਧਿਕਾਰ ਉਲੰਘਣ ਵਿਚ ਕਥਿਤ ਭੂਮਿਕਾ ਦੇ ਚਲਦੇ ਅਮਰੀਕਾ, ਬ੍ਰਿਟੇਨ, ਯੂਰਪੀ ਸੰਘ ਅਤੇ ਕੈਨੇਡਾ ਨੇ ਉਨ੍ਹਾਂ ’ਤੇ ਪਾਬੰਦੀ ਲਗਾਈ ਸੀ। ਇਕ ਸਮਾਚਾਰ ਏਜੰਸੀ ਨੇ ਮੰਗਲਵਾਰ ਨੂੰ ਆਪਣੀ ਖ਼ਬਰ ਵਿਚ ਕਿਹਾ ਕਿ ਜੁਨਝੇਂਗ ਨੂੰ ਚੀਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਦੀ ਤਿੱਬਤ ਖ਼ੁਦਮੁਖਤਿਆਰ ਖੇਤਰੀ ਕਮੇਟੀ ਦੇ ਸਕੱਤਰ ਦੇ ਰੂਪ ਵਿਚ ਨਿਯੁਕਤ ਕੀਤਾ ਗਿਆ ਹੈ। ਉਹ ਵੂ ਯਿੰਗਜੀ ਦੀ ਜਗ੍ਹਾ ਲੈਣਗੇ।
ਹਾਂਗਕਾਂਗ ਤੋਂ ਪ੍ਰਕਾਸ਼ਿਤ ਹੋਣ ਵਾਲੇ ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਜੁਨਝੇਂਗ ’ਤੇ ਮਾਰਚ ਵਿਚ ਉਦੋਂ ਪਾਬੰਦੀ ਲਗਾਈ ਗਈ ਸੀ, ਜਦੋਂ ਉਹ ਸ਼ਿਨਜਿਆਂਗ ਸੂਬੇ ਵਿਚ ਪਾਰਟੀ ਦੇ ਉਪ ਸਕੱਤਰ ਅਤੇ ਸੁਰੱਖਿਆ ਮੁਖੀ ਸਨ। ਜੁਨਝੇਂਗ ਦੀ ਤਰੱਕੀ ਦਿਖਾਉਂਦੀ ਹੈ ਕਿ ਸ਼ਿਨਜਿਆਂਗ ਸੂਬੇ ਵਿਚ ਆਪਣੀਆਂ ਨੀਤੀਆਂ ਨੂੰ ਲੈ ਕੇ ਚੀਨ ਪੱਛਮ ਦੀਆਂ ਆਲੋਚਨਾਵਾਂ ਅਤੇ ਪਾਬੰਦੀਆਂ ਦੀ ਕੋਈ ਪਰਵਾਹ ਨਹੀਂ ਕਰਦਾ। ਚੀਨ ’ਤੇ ਸ਼ਿਨਜਿਆਂਗ ਸੂਬੇ ਵਿਚ ਉਈਗਰ ਮੁਸਲਮਾਨਾਂ ’ਤੇ ਅੱਤਿਆਚਾਰ ਕਰਨ ਦੇ ਦੋਸ਼ ਲੱਗਦੇ ਰਹੇ ਹਨ ਅਤੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਇਸ ਮੁੱਦੇ ’ਤੇ ਬੀਜਿੰਗ ਦੀ ਲਗਾਤਾਰ ਆਲੋਚਨਾ ਕਰਦੇ ਰਹੇ ਹਨ।