ਇੰਗਲੈਂਡ ਜਾਣ ਵਾਲੇ ਲੋਕਾਂ ਲਈ ਰਾਹਤ, ਹੀਥਰੋ ਹਵਾਈ ਅੱਡੇ ''ਤੇ ਇਹ ਟ੍ਰਾਇਲ ਸ਼ੁਰੂ

08/29/2020 10:43:03 AM

ਲੰਡਨ- ਇੰਗਲੈਂਡ ਪੁੱਜਣ 'ਤੇ ਜਲਦ ਹੀ ਤੁਹਾਨੂੰ ਇਕਾਂਤਵਾਸ ਨਿਯਮਾਂ ਵਿਚ ਢਿੱਲ ਮਿਲ ਸਕਦੀ ਹੈ। ਹੀਥਰੋ ਹਵਾਈ ਅੱਡੇ ਨੇ ਕੋਵਿਡ-19 ਦੀ ਜਾਂਚ ਨੂੰ ਲੈ ਕੇ ਇਕ ਵੱਡਾ ਟ੍ਰਾਇਲ ਸ਼ੁਰੂ ਕਰ ਦਿੱਤਾ ਹੈ, ਜਿਸ ਦੀ ਰਿਪੋਰਟ ਘੱਟੋ-ਘੱਟ ਸਿਰਫ 20 ਸਕਿੰਟਾਂ ਵਿਚ ਮਿਲੇਗੀ। ਇਸ ਟੈਸਟ ਵਿਚ ਜੇਕਰ ਤੁਹਾਡੀ ਰਿਪੋਰਟ ਨੈਗੇਟਿਵ ਆਉਂਦੀ ਹੈ ਤਾਂ ਤੁਹਾਨੂੰ 14 ਦਿਨ ਦੇ ਜ਼ਰੂਰੀ ਇਕਾਂਤਵਾਸ ਦੇ ਨਿਯਮਾਂ ਦੇ ਚੱਕਰ ਵਿਚ ਨਹੀਂ ਪੈਣਾ ਪਵੇਗਾ। 

ਮੈਨਚੈਸਟਰ ਅਤੇ ਆਕਸਫੋਰਡ ਯੂਨੀਵਰਸਿਟੀਆਂ ਹੀਥਰੋ ਨਾਲ ਮਿਲ ਕੇ 3 ਵੱਖ-ਵੱਖ ਟੈਸਟਾਂ 'ਤੇ ਕੰਮ ਕਰ ਰਹੀਆਂ ਹਨ। ਇਨ੍ਹਾਂ ਵਿਚ ਗਲੇ ਵਿਚੋਂ ਨਮੂਨੇ ਲੈਣ ਦਾ ਟੈਸਟ, ਜਿਸ ਦੀ ਰਿਪੋਰਟ ਅੱਧੇ ਘੰਟੇ ਵਿਚ ਆਵੇਗੀ, ਦੂਜਾ ਥੁੱਕ ਦਾ ਟੈਸਟ ਹੈ, ਜਿਸ ਦੀ ਰਿਪੋਰਟ 10 ਮਿੰਟਾਂ ਵਿਚ ਅਤੇ ਤੀਜਾ ਹੋਲੋਗ੍ਰਾਫਿਕ ਮਾਈਕ੍ਰੋਸਕੋਪ ਟੈਸਟ ਹੈ, ਜਿਸ ਦੀ ਰਿਪੋਰਟ 20 ਸਕਿੰਟਾਂ ਵਿਚ ਮਿਲੇਗੀ।
 
ਹਵਾਈ ਅੱਡੇ ਦੇ ਲਗਭਗ 250 ਸਟਾਫ ਮੈਂਬਰ ਟੈਸਟਾਂ ਦੇ ਟ੍ਰਾਇਲ ਕਰ ਰਹੇ ਹਨ। ਇਕ ਟੈਸਟ ਦੀ ਲਾਗਤ ਘੱਟੋ-ਘੱਟ 30 ਪੌਂਡ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੀ. ਸੀ. ਆਰ. ਟੈਸਟ ਵੀ ਹੋਵੇਗਾ ਤਾਂ ਜੋ ਜਾਂਚ ਦੀ ਪੁਖਤਾ ਪ੍ਰਮਾਣਿਕਤਾ ਹੋ ਸਕੇ। 

ਟ੍ਰਾਇਲ ਦੌਰਾਨ ਹੀਥਰੋ ਜਾਂਚ ਰਿਪੋਰਟਾਂ ਦੇ ਨਤੀਜੇ ਟ੍ਰਾਂਸਪੋਰਟ ਸਕੱਤਰ ਅਤੇ ਸਿਹਤ ਸਕੱਤਰ ਨੂੰ ਭੇਜੇਗਾ, ਤਾਂ ਜੋ ਕੌਮਾਂਤਰੀ ਯਾਤਰਾ ਨੂੰ 14 ਦਿਨ ਦੇ ਇਕਾਂਤਵਾਸ ਵਿਚ ਰਾਹਤ ਦਿੱਤੀ ਜਾ ਸਕੇ। ਹੀਥਰੋ ਦੋ ਪ੍ਰਮੁੱਖ ਕਾਰਜਕਾਰੀ ਜੌਨ ਹਾਲੈਂਡ ਨੇ ਕਿਹਾ ਕਿ ਜੇਕਰ ਇਹ ਟੈਸਟ ਉਮੀਦਾਂ 'ਤੇ ਖਰੇ ਉਤਰਦੇ ਹਨ ਅਤੇ ਇਨ੍ਹਾਂ ਦੀ ਰਿਪੋਰਟ ਕੁਝ ਮਿੰਟਾਂ ਵਿਚ ਹੀ ਸਾਹਮਣੇ ਆਉਂਦੀ ਹੈ ਅਤੇ ਸਰਕਾਰ ਇਸ ਨੂੰ ਹਰੀ ਝੰਡੀ ਦਿੰਦੀ ਹੈ ਤਾਂ ਅਸੀਂ ਹਵਾਈ ਅੱਡੇ 'ਤੇ ਵੱਡੇ ਪੱਧਰ 'ਤੇ ਇਸ ਨੂੰ ਸ਼ੁਰੂ ਕਰਾਂਗੇ।  


 


Lalita Mam

Content Editor

Related News