ਕੀ ਕੋਵਿਡ-19 ਵੈਕਸੀਨ ਨਾਲ ਹੋ ਰਿਹਾ ਹੈ ਕੈਂਸਰ? ਸੈਨੇਟ ਦੀ ਸੁਣਵਾਈ 'ਚ ਉੱਠੇ ਗੰਭੀਰ ਸਵਾਲ
Friday, Jun 05, 2026 - 05:30 PM (IST)
ਵਾਸ਼ਿੰਗਟਨ,: ਅਮਰੀਕੀ ਸੈਨੇਟ ਵਿੱਚ ਕੋਵਿਡ-19 ਵੈਕਸੀਨ ਦੀ ਸੁਰੱਖਿਆ ਨੂੰ ਲੈ ਕੇ ਇੱਕ ਵਾਰ ਫਿਰ ਵੱਡਾ ਵਿਵਾਦ ਛਿੜ ਗਿਆ ਹੈ। ਬੁੱਧਵਾਰ, 3 ਜੂਨ ਨੂੰ ਹੋਈ ਸੈਨੇਟ ਦੀ ਇੱਕ ਅਹਿਮ ਸੁਣਵਾਈ ਦੌਰਾਨ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ mRNA ਵੈਕਸੀਨ ਕੈਂਸਰ ਦਾ ਕਾਰਨ ਬਣ ਸਕਦੀ ਹੈ ਜਾਂ ਇਸ ਨੂੰ ਤੇਜ਼ ਕਰ ਸਕਦੀ ਹੈ। ਸੈਨੇਟਰ ਰੌਨ ਜੌਹਨਸਨ ਵੱਲੋਂ ਬੁਲਾਏ ਗਏ ਡਾਕਟਰਾਂ ਦੇ ਪੈਨਲ ਨੇ ਦੋਸ਼ ਲਾਇਆ ਕਿ ਵੈਕਸੀਨ ਦੇ ਖ਼ਤਰਿਆਂ ਨਾਲ ਸਬੰਧਤ ਉਨ੍ਹਾਂ ਦੀਆਂ ਖੋਜਾਂ ਨੂੰ ਵਿਵਸਥਿਤ ਤਰੀਕੇ ਨਾਲ ਦਬਾਇਆ ਜਾ ਰਿਹਾ ਹੈ।
ਸੁਣਵਾਈ ਦੌਰਾਨ ਲੰਡਨ ਦੇ ਪ੍ਰੋਫੈਸਰ ਅੰਗਸ ਡੈਲਗਲੀਸ਼ ਨੇ ਸਖ਼ਤ ਰੁਖ਼ ਅਪਣਾਉਂਦਿਆਂ ਮੰਗ ਕੀਤੀ ਕਿ ਭਵਿੱਖ ਦੀਆਂ ਵੈਕਸੀਨਾਂ ਵਿੱਚ mRNA ਦੀ ਵਰਤੋਂ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਮੌਜੂਦਾ ਕੋਵਿਡ ਵੈਕਸੀਨਾਂ ਨੂੰ ਤੁਰੰਤ ਰੋਕ ਦੇਣਾ ਚਾਹੀਦਾ ਹੈ। ਉਨ੍ਹਾਂ ਤੋਂ ਇਲਾਵਾ ਪ੍ਰੋਗੇਨਾਬਾਇਓਮ ਦੀ ਸੀਈਓ ਸਬੀਨ ਹਜ਼ਾਨ ਨੇ ਦਾਅਵਾ ਕੀਤਾ ਕਿ ਜੇਕਰ ਕੋਵਿਡ ਲਈ ਹੋਰ ਸਸਤੇ ਇਲਾਜ (ਜਿਵੇਂ ਆਈਵਰਮੇਕਟਿਨ) ਉਪਲਬਧ ਹੁੰਦੇ, ਤਾਂ ਵੈਕਸੀਨਾਂ ਨੂੰ ਕਦੇ ਮਨਜ਼ੂਰੀ ਨਹੀਂ ਮਿਲਣੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਕਈ ਖੋਜ ਪੱਤਰਾਂ ਨੂੰ ਸਿਆਸੀ ਕਾਰਨਾਂ ਕਰਕੇ ਵਾਪਸ ਲਿਆ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ 'ਚ 1 ਲੱਖ ਤੋਂ ਵੱਧ ਖ਼ਤਰਨਾਕ ਕਾਕਰੋਚ ਬਰਾਮਦ, ਅਧਿਕਾਰੀਆਂ ਦੇ ਵੀ ਉੱਡੇ ਹੋਸ਼
ਦੂਜੇ ਪਾਸੇ,ਅਮਰੀਕਨ ਸੁਸਾਇਟੀ ਆਫ ਕਲੀਨੀਕਲ ਓਨਕੋਲੋਜੀ ਦੀ ਜੂਲੀ ਗ੍ਰੇਲੋ ਨੇ ਇਨ੍ਹਾਂ ਦਾਅਵਿਆਂ ਦਾ ਵਿਰੋਧ ਕਰਦਿਆਂ ਕਿਹਾ ਕਿ mRNA ਵੈਕਸੀਨ ਦੇ ਕੈਂਸਰ ਪੈਦਾ ਕਰਨ ਦਾ ਕੋਈ ਕਲੀਨੀਕਲ ਸਬੂਤ ਨਹੀਂ ਹੈ। ਉਨ੍ਹਾਂ ਤਰਕ ਦਿੱਤਾ ਕਿ ਕੈਂਸਰ ਬਣਨ ਵਿੱਚ ਕਈ ਸਾਲ ਲੱਗਦੇ ਹਨ, ਇਸ ਲਈ ਵੈਕਸੀਨ ਦੇ ਕੁਝ ਹਫ਼ਤਿਆਂ ਬਾਅਦ ਟਿਊਮਰ ਦਾ ਵਧਣਾ ਵਿਗਿਆਨਕ ਤੌਰ 'ਤੇ ਅਸੰਭਵ ਹੈ। ਉਨ੍ਹਾਂ ਵੈਂਡਰਬਿਲਟ ਯੂਨੀਵਰਸਿਟੀ ਦੇ ਅਧਿਐਨ ਦਾ ਹਵਾਲਾ ਦਿੱਤਾ ਜਿਸ ਵਿੱਚ ਦਿਖਾਇਆ ਗਿਆ ਹੈ ਕਿ ਵੈਕਸੀਨ ਲਗਵਾਉਣ ਵਾਲੇ ਕੈਂਸਰ ਦੇ ਮਰੀਜ਼ਾਂ ਨੂੰ ਹਸਪਤਾਲ ਵਿੱਚ ਦਾਖਲ ਹੋਣ ਦਾ ਖ਼ਤਰਾ 50 ਫੀਸਦੀ ਤੱਕ ਘੱਟ ਜਾਂਦਾ ਹੈ।
ਸੈਨੇਟਰ ਰਿਚਰਡ ਬਲੂਮੈਂਥਲ ਨੇ ਦੋਸ਼ ਲਾਇਆ ਕਿ ਅਸਲ ਖ਼ਤਰਾ ਵੈਕਸੀਨ ਨਹੀਂ, ਸਗੋਂ ਟਰੰਪ ਪ੍ਰਸ਼ਾਸਨ ਵੱਲੋਂ ਕੈਂਸਰ ਖੋਜ ਫੰਡਾਂ ਵਿੱਚ ਕੀਤੀ ਜਾ ਰਹੀ ਕਟੌਤੀ ਹੈ, ਜਿਸ ਨਾਲ ਕਈ ਕੀਮਤੀ ਜਾਨਾਂ ਜਾ ਸਕਦੀਆਂ ਹਨ। ਉਨ੍ਹਾਂ ਇੱਕ ਵੱਡੇ ਅਧਿਐਨ ਦਾ ਹਵਾਲਾ ਦਿੱਤਾ ਜਿਸ ਅਨੁਸਾਰ ਵੈਕਸੀਨ ਲਗਵਾਉਣ ਵਾਲੇ ਵਿਅਕਤੀਆਂ ਦੀ ਕੈਂਸਰ ਨਾਲ ਮੌਤ ਹੋਣ ਦੀ ਸੰਭਾਵਨਾ, ਵੈਕਸੀਨ ਨਾ ਲਗਵਾਉਣ ਵਾਲਿਆਂ ਦੇ ਮੁਕਾਬਲੇ ਘੱਟ ਪਾਈ ਗਈ ਹੈ। ਜ਼ਿਕਰਯੋਗ ਹੈ ਕਿ ਟਰੰਪ ਪ੍ਰਸ਼ਾਸਨ ਵੈਕਸੀਨ ਪ੍ਰਤੀ ਸ਼ੱਕੀ ਰੁਖ਼ ਅਪਣਾ ਰਿਹਾ ਹੈ। ਰਿਪੋਰਟਾਂ ਅਨੁਸਾਰ, ਪ੍ਰਸ਼ਾਸਨ ਨੇ CDC ਦੀਆਂ ਵੈਕਸੀਨ ਪ੍ਰਚਾਰ ਮੁਹਿੰਮਾਂ ਨੂੰ ਰੋਕ ਦਿੱਤਾ ਹੈ ਅਤੇ ਕਈ ਅਜਿਹੇ FDA ਅਧਿਐਨਾਂ ਨੂੰ ਵੀ ਕਥਿਤ ਤੌਰ 'ਤੇ ਰੋਕਿਆ ਹੈ ਜੋ ਵੈਕਸੀਨ ਦੀ ਸੁਰੱਖਿਆ ਦਾ ਸਮਰਥਨ ਕਰਦੇ ਸਨ। ਹੁਣ ਦੋਵੇਂ ਧਿਰਾਂ ਇੱਕ-ਦੂਜੇ 'ਤੇ ਵਿਗਿਆਨਕ ਤੱਥਾਂ ਨੂੰ ਸੈਂਸਰ ਕਰਨ ਦੇ ਗੰਭੀਰ ਦੋਸ਼ ਲਗਾ ਰਹੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
