50 ਕਰੋੜ ਲੋਕਾਂ ਸਿਰ ਕੋਰੋਨਾ ਕਾਰਣ ਮੰਡਰਾ ਰਿਹੈ ਗਰੀਬੀ ਦਾ ਸੰਕਟ
Thursday, Apr 09, 2020 - 04:55 PM (IST)
 
            
            ਲੰਡਨ- ਕੋਰੋਨਾਵਾਇਰਸ ਇਨਫੈਕਸ਼ਨ ਦਾ ਕਹਿਰ ਝੱਲ ਰਹੇ ਦੇਸ਼ਾਂ ਨੂੰ ਜੇਕਰ ਬੇਲਆਊਟ ਪੈਕੇਜ ਮੁਹੱਈਆ ਨਹੀਂ ਕਰਵਾਏ ਗਏ ਤਾਂ ਦੁਨੀਆ ਭਰ ਵਿਚ 50 ਕਰੋੜ ਤੋਂ ਵਧੇਰੇ ਲੋਕ ਗਰੀਬੀ ਦੀ ਮਾਰ ਹੇਠ ਆ ਸਕਦੇ ਹਨ। ਆਕਸਫੇਮ ਦੀ ਰਿਪੋਰਟ ਵਿਚ ਕਿਹਾ ਗਿਆ ਹੈ ਵਾਇਰਸ ਨੂੰ ਰੋਕਣ ਲਈ ਕੀਤਾ ਗਿਆ ਲਾਕਡਾਊਨ ਦੁਨੀਆ ਭਰ ਵਿਚ ਗਰੀਬੀ ਨੂੰ ਰੋਕਣ ਦੀ ਲੜਾਈ ਨੂੰ ਇਕ ਦਹਾਕਾ ਪਿੱਛੇ ਲੈ ਜਾਵੇਗਾ।
ਅਫਰੀਕੀ ਦੇਸ਼ਾਂ ਨੂੰ ਸਭ ਤੋਂ ਵਧੇਰੇ ਆਰਥਿਕ ਦਿੱਕਤ
ਬ੍ਰਿਟਿਸ਼ ਅਖਬਾਰ 'ਦ ਗਾਰਡੀਅਨ' ਨੇ ਇਸ ਰਿਪੋਰਟ ਦੇ ਹਵਾਲੇ ਨਾਲ ਕਿਹਾ ਹੈ ਕਿ ਕੋਰੋਨਾਵਾਇਰਸ ਦਾ ਸਭ ਤੋਂ ਜ਼ਿਆਦਾ ਅਸਰ ਸਹਾਰਾ ਅਫਰੀਕੀ ਦੇਸ਼ਾਂ, ਉੱਤਰੀ ਅਫਰੀਕੀ ਦੇਸ਼ਾਂ ਤੇ ਮਿਡਲ ਈਸਟ ਵਿਚ ਪਵੇਗਾ। ਸਬ-ਸਹਾਰਾ ਅਫਰੀਕੀ ਦੇਸ਼ਾਂ ਵਿਚ ਗਰੀਬੀ ਰੋਕਣ ਦੀ ਲੜਾਈ 30 ਸਾਲ ਪਿੱਛੇ ਚਲੀ ਜਾਵੇਗੀ।
ਕਿੰਗਸ ਕਾਲਜ ਲੰਡਨ ਤੇ ਆਸਟਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਰਿਸਰਚ ਵਿਚ ਕਿਹਾ ਗਿਆ ਹੈ ਕਿ ਕੋਰੋਨਾਵਾਇਰਸ ਦੇ ਕਾਰਣ ਮੰਦੀ ਨਾਲ 54.8 ਕਰੋੜ ਲੋਕ 5.5 ਡਾਲਰ ਦੀ ਰੋਜ਼ਾਨਾ ਕਮਾਈ ਤੋਂ ਵੀ ਹੇਠਾਂ ਜ਼ਿੰਦਗੀ ਗੁਜ਼ਾਰਣ ਨੂੰ ਮਜਬੂਰ ਹੋ ਜਾਣਗੇ। ਆਕਸਫੇਮ ਦੇ ਕਾਰਜਕਾਰੀ ਡਾਇਰੈਕਟਰ ਜੋਸ ਮਰੀਆ ਵੇਰਾ ਨੇ ਕਿਹਾ ਕਿ ਗਰੀਬ ਦੇਸ਼ਾਂ ਦੇ ਗਰੀਬ ਜੋ ਪਹਿਲਾਂ ਹੀ ਜ਼ਿੰਦਗੀ ਨਾਲ ਜੂਝ ਰਹੇ ਹਨ ਉਹਨਾਂ ਦੀਆਂ ਦਿੱਕਤਾਂ ਹੋਰ ਵਧਣਗੀਆਂ ਕਿਉਂਕਿ ਉਹਨਾਂ ਕੋਲ ਕੋਈ ਸੇਫਟੀ ਮੌਜੂਦ ਨਹੀਂ ਹੈ।
IMF, ਵਰਲਡ ਬੈਂਕ ਤੇ G-20 ਦੇਸ਼ ਬਣਾਉਣਗੇ ਰਣਨੀਤੀ
ਇਸ ਵਿਚਾਲੇ ਜੀ-20, ਆਈ.ਐਮ.ਐਫ. ਤੇ ਵਰਲਡ ਬੈਂਕ ਦੁਨੀਆ ਦੇ ਸਭ ਤੋਂ ਗਰੀਬ ਦੇਸ਼ਾਂ ਨੂੰ ਦਿੱਤੇ ਕਰਜ਼ ਵਿਚ ਰਾਹਤ ਦੇਣ ਲਈ ਬੈਠਕ ਕਰਨਗੇ। ਇਸ ਦੇ ਨਾਲ ਆਈ.ਐਮ.ਐਫ. ਵਿਚ ਸਪੈਸ਼ਲ ਡਰਾਇੰਗ ਰਾਈਟਜ਼ (ਐਸ.ਡੀ.ਆਰ.) ਦੇ ਗਠਨ ਦੇ ਰਾਹੀਂ ਫੰਡ ਵਧਾਉਣ ਦੀ ਕੋਸ਼ਿਸ ਹੋਵੇਗੀ। ਐਸ.ਡੀ.ਆਰ. ਇਕ ਇੰਟਰਨੈਸ਼ਨਲ ਕਰੰਸੀ ਹੈ, ਜਿਸ ਨਾਲ ਗਰੀਬੀ ਨਾਲ ਜੂਝ ਰਹੇ ਦੇਸ਼ਾਂ ਦੀ ਮਦਦ ਕੀਤੀ ਜਾਂਦੀ ਹੈ। ਯੂ.ਐਨ. ਨੇ ਕਿਹਾ ਕਿ ਕੋਰੋਨਾਵਾਇਰਸ ਇਨਫੈਕਸ਼ਨ ਨਾਲ ਜੂਝ ਰਹੇ ਵਿਕਾਸਸ਼ੀਲ ਦੇਸ਼ਾਂ ਨੂੰ 2.5 ਟ੍ਰਿਲੀਅਨ ਡਾਲਰ ਦੀ ਮਦਦ ਦੀ ਲੋੜ ਪਵੇਗੀ। ਇਸ ਸੰਕਟ ਨਾਲ ਅਫਰੀਕਾ ਵਿਚ ਤਕਰੀਬਨ ਅੱਧੀਆਂ ਨੌਕਰੀਆਂ ਖਤਮ ਹੋ ਜਾਣਗੀਆਂ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            