ਕੈਨੇਡਾ ਦੀ ਪੰਜਾਬੀ MP ਖਹਿਰਾ ਨੂੰ ਕੋਰੋਨਾ ਵਾਇਰਸ, ਹੋਈ ਸੈਲਫ ਆਈਸੋਲੇਟਡ
Thursday, Mar 26, 2020 - 11:38 PM (IST)
ਬਰੈਂਪਟਨ- ਕੈਨੇਡਾ ਵਿਚ ਪੰਜਾਬੀ ਮੂਲ ਦੀ ਐੱਮ. ਪੀ. ਕਮਲ ਖਹਿਰਾ ਵੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਈ ਹੈ। ਕਮਲ ਖਹਿਰਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਖਹਿਰਾ ਨੇ ਦੱਸਿਆ ਕਿ ਉਸ ਨੂੰ ਜ਼ੁਕਾਮ ਹੋ ਗਿਆ ਸੀ ਤੇ ਫਿਰ ਉਸ ਨੇ ਸ਼ੱਕ ਦੇ ਤੌਰ 'ਤੇ ਆਪਣਾ ਟੈਸਟ ਕਰਵਾਇਆ। ਹੁਣ ਉਸ ਨੂੰ ਪਤਾ ਲੱਗਾ ਹੈ ਕਿ ਉਹ ਕੋਰੋਨਾ ਦੀ ਲਪੇਟ ਵਿਚ ਆ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਉਹ ਸੈਲਫ ਆਈਸੋਲੇਟਡ ਹੈ ਅਤੇ ਸਿਹਤ ਦਾ ਪੂਰਾ ਧਿਆਨ ਰੱਖ ਰਹੀ ਹੈ। ਪੀਲ ਪਬਲਿਕ ਹੈਲਥ ਅਤੇ ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦੀਆਂ ਹਿਦਾਇਤਾਂ ਦੀ ਪਾਲਣਾ ਕਰ ਰਹੀ ਹੈ। ਬਰੈਂਪਟਨ ਵੈਸਟ ਤੋਂ ਐੱਮ. ਪੀ. ਕਮਲ ਖਹਿਰਾ ਨੇ ਉਮੀਦ ਜਤਾਈ ਹੈ ਕਿ ਉਹ ਜਲਦੀ ਠੀਕ ਹੋ ਕੇ ਆਪਣੇ ਇਲਾਕੇ ਦੀ ਸੇਵਾ ਵਿਚ ਦੁਬਾਰਾ ਤੋਂ ਹਾਜ਼ਰ ਹੋਵੇਗੀ।
ਖਹਿਰਾ ਇਕ ਰਜਿਸਟਰਡ ਨਰਸ ਹੈ ਅਤੇ ਸੂਬੇ ਵਿਚ ਨਰਸਾਂ ਦੀ ਘਾਟ ਕਾਰਨ ਉਹ ਵੀ ਫਰੰਟਲਾਈਨ ‘ਤੇ ਕੰਮ ਕਰ ਰਹੀ ਸੀ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋਇਆ ਕਿ ਉਨ੍ਹਾਂ ਨੂੰ ਕੋਰੋਨਾ ਇਨਫੈਕਸ਼ਨ ਕਿਵੇਂ ਹੋਇਆ। ਖਹਿਰਾ 25 ਸਾਲ ਦੀ ਉਮਰ ਵਿਚ ਪਹਿਲੀ ਵਾਰ 2015 ਦੀਆਂ ਫੈਡਰਲ ਚੋਣਾਂ ਵਿਚ ਬਰੈਂਪਟਨ ਵੈਸਟ ਤੋਂ ਜਿੱਤੀ ਸੀ। ਪਿਛਲੀਆਂ ਫੈਡਰਲ ਚੋਣਾਂ ਵਿਚ ਉਹ ਲਿਬਰਲ ਪਾਰਟੀ ਵਲੋਂ ਦੁਬਾਰਾ ਚੁਣੀ ਗਈ ।ਜ਼ਿਕਰਯੋਗ ਹੈ ਕਿ ਬਰੈਂਪਟਨ ਵਿਚ ਹੁਣ ਤਕ 22 ਮਾਮਲੇ ਅਤੇ ਉੱਥੇ ਹੀ ਓਂਟਾਰੀਓ ਵਿਚ 100 ਨਵੇਂ ਮਾਮਲੇ ਸਾਹਮਣੇ ਆਏ ਹਨ। ਕੈਨੇਡਾ ਭਰ ਵਿਚ ਕੁੱਲ 3,177 ਲੋਕ ਹੁਣ ਤਕ ਇਨਫੈਕਟਡ ਹਨ ਅਤੇ 35 ਲੋਕਾਂ ਦੀ ਮੌਤ ਹੋ ਚੁੱਕੀ ਹੈ।