ਓਂਟਾਰੀਓ ''ਚ ਕੋਰੋਨਾ ਦੇ 401 ਨਵੇਂ ਮਾਮਲੇ ਹੋਏ ਦਰਜ, ਇਸ ਉਮਰ ਦੇ ਲੋਕ ਵਧੇਰੇ ਬੀਮਾਰ
Saturday, Sep 19, 2020 - 02:46 PM (IST)
ਓਟਾਵਾ- ਓਂਟਾਰੀਓ ਸੂਬੇ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਪਿਛਲੇ ਤਿੰਨ ਮਹੀਨਿਆਂ ਵਿਚ ਪਹਿਲੀ ਵਾਰ ਇੰਨੀ ਵੱਡੀ ਗਿਣਤੀ ਵਿਚ ਮਾਮਲੇ ਦਰਜ ਹੋਏ ਹਨ। ਸਭ ਤੋਂ ਵੱਧ ਗ੍ਰੇਟਰ ਟੋਰਾਂਟੋ ਏਰੀਏ ਵਿਚ ਕੋਰੋਨਾ ਪੀੜਤ ਹਨ।
ਸੂਬਾ ਸਿਹਤ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ 401 ਨਵੇਂ ਮਾਮਲੇ ਦਰਜ ਹੋਏ ਹਨ। ਨਵੇਂ ਮਾਮਲਿਆਂ ਵਿਚੋਂ 200 ਮਾਮਲੇ 20 ਤੋਂ 39 ਸਾਲ ਦੇ ਲੋਕਾਂ ਦੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 315 ਤੇ ਵੀਰਵਾਰ ਨੂੰ 293 ਮਾਮਲੇ ਦਰਜ ਹੋਏ ਹਨ। ਹਰ ਰੋਜ਼ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ, ਇਸੇ ਕਾਰਨ ਸੂਬਾ ਸਰਕਾਰ ਨੇ ਪਾਬੰਦੀਆਂ ਵਧਾ ਦਿੱਤੀਆਂ ਹਨ।
ਬੀਤੇ 24 ਘੰਟਿਆਂ ਦੌਰਾਨ 36 ਹਜ਼ਾਰ ਲੋਕਾਂ ਦੇ ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ 1.1 ਫੀਸਦੀ ਲੋਕ ਕੋਰੋਨਾ ਦਾ ਸ਼ਿਕਾਰ ਪਾਏ ਗਏ ਹਨ। ਓਂਟਾਰੀਓ ਵਿਚ ਹਾਲਾਂਕਿ ਸ਼ੁੱਕਰਵਾਰ ਨੂੰ ਕਿਸੇ ਦੀ ਮੌਤ ਦਰਜ ਨਹੀਂ ਕੀਤੀ ਗਈ ਤੇ ਮੌਤਾਂ ਦਾ ਅੰਕੜਾ 2,825 ਬਣਿਆ ਹੋਇਆ ਹੈ। ਹੁਣ ਤੱਕ 40,600 ਲੋਕ ਸਿਹਤਯਾਬ ਹੋ ਚੁੱਕੇ ਹਨ। 58 ਲੋਕਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। 20 ਮਰੀਜ਼ ਆਈ. ਸੀ. ਯੂ. ਵਿਚ ਭਰਤੀ ਹਨ।