ਕੋਵਿਡ-19 : ਵੇਲਜ਼ ''ਚ ਘਟਾਈ ਗਈ ਇਕਾਂਤਵਾਸ ਦੀ ਸਮਾਂ ਮਿਆਦ
Wednesday, Dec 09, 2020 - 04:54 PM (IST)
ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਵਾਇਰਸ ਦੇ ਲੱਛਣਾਂ ਵਾਲੇ ਜਾਂ ਕਿਸੇ ਵਾਇਰਸ ਪੀੜਤ ਦੇ ਸੰਪਰਕ ਵਿਚ ਆਏ ਹੋਏ ਵਿਅਕਤੀ ਲਈ ਸੁਰੱਖਿਆ ਕਾਰਨਾਂ ਕਰਕੇ ਇਕਾਂਤਵਾਸ ਵਿਚ ਰਹਿਣਾ ਬਹੁਤ ਜਰੂਰੀ ਹੈ। ਇਸ ਪ੍ਰਕਿਰਿਆ ਦੀ ਸਮਾਂ ਮਿਆਦ ਬਾਰੇ ਵੇਲਜ਼ ਸਰਕਾਰ ਨੇ ਇਸ ਨੂੰ ਘਟਾਉਣ ਦਾ ਫੈਸਲਾ ਕੀਤਾ ਹੈ, ਜਿਸ ਦੇ ਤਹਿਤ ਜਿਨ੍ਹਾਂ ਲੋਕਾਂ ਨੂੰ ਇਕਾਂਤਵਾਸ ਹੋਣ ਦੀ ਜ਼ਰੂਰਤ ਹੈ, ਉਨ੍ਹਾਂ ਲਈ ਵੀਰਵਾਰ ਤੋਂ ਇਹ ਮਿਆਦ 10 ਦਿਨਾਂ ਲਈ ਹੀ ਹੋਵੇਗੀ।
ਇਸ ਮਹੱਤਵਪੂਰਨ ਸਾਵਧਾਨੀ ਦੀ ਮੌਜੂਦਾ ਮਿਆਦ 14 ਦਿਨ ਦੀ ਹੈ, ਜਿਸ ਨੂੰ ਮੁੱਖ ਮੈਡੀਕਲ ਅਧਿਕਾਰੀ ਫਰੈਂਕ ਐਥਰਟਨ ਦੇ ਸਮਰਥਨ 'ਤੇ ਸੋਧਿਆ ਗਿਆ ਹੈ। ਇਸ ਸਮੇਂ ਉਹ ਲੋਕ ਜਿਨ੍ਹਾਂ ਦੇ ਨੇੜਲੇ ਸੰਪਰਕ ਕੋਰੋਨਾ ਪੀੜਤ ਹਨ ਜਾਂ ਕਿਸੇ ਹੋਰ ਵਾਇਰਸ ਪੀੜਤ ਦੇ ਸੰਪਰਕ ਵਿਚ ਆਏ ਹਨ, ਨੂੰ ਕਾਨੂੰਨ ਅਨੁਸਾਰ 10 ਦਿਨਾਂ ਲਈ ਇਕਾਂਤਵਾਸ 'ਚ ਰਹਿਣ ਦੀ ਲੋੜ ਹੈ।
ਸਿਹਤ ਮੰਤਰੀ ਵਾਨ ਗੇਥਿੰਗ ਅਨੁਸਾਰ ਇਕਾਂਤਵਾਸ ਦੀ ਇਹ ਪ੍ਰਕਿਰਿਆ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਵਿਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੈ ਅਤੇ ਉਸਨੇ ਵੇਲਜ਼ ਨੂੰ ਸੁਰੱਖਿਅਤ ਰੱਖਣ ਲਈ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੀ ਵੀ ਤਾਕੀਦ ਕੀਤੀ ਹੈ।