ਕੋਵਿਡ-19: ਨਵੇਂ ਕਾਰਜਬਲ ਭਾਰਤ ''ਚ ਲਾਕਡਾਊਨ ਨਾਲ ਪ੍ਰਭਾਵਿਤ 27 ਲੱਖ ਅਧਿਆਪਕਾਂ ਦੀ ਕਰਨਗੇ ਮਦਦ
Friday, May 29, 2020 - 12:43 AM (IST)

ਲੰਡਨ(ਭਾਸ਼ਾ)- ਯੂਨੇਸਕੋ ਦਾ ਕਹਿਣਾ ਹੈ ਕਿ ਭਾਰਤ ਵਿਚ ਤਕਰੀਬਨ 27 ਲੱਖ ਅਧਿਆਪਕ ਕੋਰੋਨਾ ਵਾਇਰਸ ਨਾਲ ਨਿਪਟਣ ਲਈ ਲਾਏ ਗਏ ਲਾਕਡਾਊਨ ਨਾਲ ਪ੍ਰਭਾਵਿਤ ਹਨ, ਜੋ ਬਦਲਦੇ ਹਾਲਾਤ ਨਾਲ ਨਿਪਟਣ ਦੇ ਲਈ ਟ੍ਰੇਨਡ ਨਹੀਂ ਹਨ। ਯੂਨੇਸਕੋ ਨੇ ਵਿਸ਼ਵਭਰ ਵਿਚ ਅਧਿਆਪਕਾਂ ਦੀ ਸਿਖਲਾਈ ਲਈ ਵੀਰਵਾਰ ਨੂੰ ਨਵੇਂ ਕਾਰਜਬਲ ਦਾ ਐਲਾਨ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ।
ਸੰਯੁਕਤ ਰਾਸ਼ਟਰ ਸਿੱਖਿਅਕ, ਵਿਗਿਆਨਕ ਤੇ ਸੰਸਕ੍ਰਿਤਿਕ ਸੰਗਠਨ ਨੇ ਇਸ ਹਫਤੇ 'ਟੀਚਰਸ ਆਫ ਦ ਵਰਲਡ ਯੂਨੀਈਟਿਡ' ਦੇ ਆਨਲਾਈਨ ਸਿਖਰ ਸੰਮੇਲਨ ਵਿਚ ਇਹ ਅੰਕੜੇ ਜਾਰੀ ਕੀਤੇ। ਅੰਕੜਿਆਂ ਮੁਤਾਬਕ ਵਿਸ਼ਵ ਭਰ ਵਿਚ ਤਕਰੀਨ 91 ਲੱਖ ਅਧਿਆਪਕ ਗਲੋਬਲ ਮਹਾਮਾਰੀ ਕਾਰਣ ਤੇ ਸਕੂਲ ਬੰਦ ਹੋਣ ਕਾਰਣ ਪ੍ਰਭਾਵਿਤ ਹਨ, ਜਿਨ੍ਹਾਂ ਵਿਚ 63 ਲੱਖ ਅਧਿਆਪਕਾਂ ਨੂੰ ਚੁਣੌਤੀਆਂ ਨਾਲ ਕਿਵੇਂ ਨਿਪਟਣਾ ਹੈ, ਇਸ ਦਾ ਕੋਈ ਅੰਦਾਜ਼ਾ ਨਹੀਂ ਹੈ। ਸਿਖਰ ਸੰਮੇਲਨ ਵਿਚ ਬ੍ਰਿਟੇਨ ਸਥਿਤ 'ਬਾਰਕੀ ਫਾਊਂਡੇਸ਼ਨ' ਨੇ ਕੋਰੋਨਾ ਵਾਇਰਸ ਤੇ ਸਿੱਖਿਆ ਦੇ ਭਵਿੱਖ ਦੇ ਲਈ 9 ਵਿਦਿਅਕ ਕਾਰਜਬਲਾਂ ਦੇ ਗਠਨ ਦਾ ਐਲਾਨ ਕੀਤਾ, ਜਿਸ ਨੂੰ ਯੂਨੇਸਕੋ ਦੇ ਸਿੱਖਿਅਤ ਕਾਰਜਬਲ ਦੇ ਸਹਿਯੋਗ ਨਾਲ ਏਕੀਕ੍ਰਿਤ ਕੀਤਾ ਜਾਵੇਗਾ।
ਯੂਨੇਸਕੋ ਦੇ ਸਿੱਖਿਆ ਸਬੰਧੀ ਮਾਮਲਿਆਂ ਦੀ ਸਹਾਇਕ ਡਾਇਰੈਕਟਰ ਜਨਰਲ ਸਤੇਫਾਨੀਆ ਜਿਯਾਨਿਨੀ ਨੇ ਕਿਹਾ ਕਿ ਯੂਨੇਸਕੋ ਸਿੱਖਿਅਕ ਕਾਰਜਬਲ ਦੇ ਨਵੇਂ ਅੰਕੜਿਆਂ ਮੁਤਾਬਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਚੱਲਦਿਆਂ ਸਕੂਲ ਬੰਦ ਹੋਣ ਕਾਰਣ ਪ੍ਰਭਾਵਿਤ 27 ਲੱਖ ਅਧਿਆਪਕ ਟ੍ਰੇਨਡ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਕੜਿਆਂ ਨੇ ਤਮਾਮ ਚੁਣੌਤੀਆਂ ਨੂੰ ਉਜਾਗਰ ਕੀਤਾ ਹੈ, ਕਿਉਂਕਿ ਅਧਿਆਪਕਾਂ ਨੂੰ ਰਿਮੋਰਟ ਲਰਨਿੰਗ ਅਪਣਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਜਦਕਿ ਉਨ੍ਹਾਂ ਵਿਚੋਂ ਕਈਆਂ ਖੁਦ ਹੀ ਸਿਖਲਾਈ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਮੈਂ ਇਸ ਲਈ ਯੂਨੇਸਕੋ ਗਲੋਬਲ ਸਿੱਖਿਆ ਗਠਜੋੜ ਦੇ ਇਕ ਮੈਂਬਰ ਦੇ ਤੌਰ 'ਤੇ ਬਾਰਕੀ ਫਾਊਂਡੇਸ਼ਨ ਵਲੋਂ ਜਾਰੀ ਇਨਾਂ ਨਵੇਂ 9 ਵਿਦਿਅਕ ਕਾਰਜਬਲਾਂ ਦਾ ਸਵਾਗਤ ਕਰਦੀ ਹਾਂ। ਇਹ ਕਾਰਜਬਲ ਭਾਰਤ ਵਿਚ ਕਈ ਮਹੱਤਵਪੂਰਨ ਮੁੱਦਿਆਂ 'ਤੇ ਗੌਰ ਕਰਨਗੇ ਜਿਵੇ ਅਧਿਆਪਕਾਂ ਨੂੰ ਆਨਲਾਈਨ ਪੜਾਉਣ ਲਈ ਮੂਲ ਸਿਖਲਾਈ, ਸਾਰਿਆਂ ਤੱਕ ਇੰਟਰਨੈੱਟ ਦੀ ਭਰੋਸੇਮੰਦ ਪਹੁੰਚ ਤੇ ਉਨ੍ਹਾਂ ਬੱਚਿਆਂ ਨੂੰ ਸਿੱਖਣ ਦੇ ਲਈ ਹੱਲ ਲੱਭਣਾ ਜਿਨ੍ਹਾਂ ਕੋਲ ਇੰਟਰਨੈੱਟ ਉਪਲੱਬਧ ਨਹੀਂ ਹੈ।