ਕੋਵਿਡ-19 : EU ਅਮਰੀਕੀ ਯਾਤਰੀਆਂ ''ਤੇ ਪਾਬੰਦੀ ਲਗਾਉਣ ਦੀ ਕਰ ਸਕਦਾ ਹੈ ਸਿਫਾਰਿਸ਼
Monday, Aug 30, 2021 - 05:10 PM (IST)
ਬ੍ਰਸੇਲਸ (ਭਾਸ਼ਾ): ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਕਾਰਨ ਯੂਰਪੀ ਸੰਘ (ਈ.ਯੂ.) ਆਪਣੇ ਮੈਂਬਰ ਦੇਸ਼ਾਂ ਨੂੰ ਇੱਥੋਂ ਦੇ ਯਾਤਰੀਆਂ 'ਤੇ ਪਾਬੰਦੀ ਲਗਾਉਣ ਦੀ ਸਿਫਾਰਿਸ਼ ਕਰ ਸਕਦਾ ਹੈ। ਈ.ਯੂ. ਦੇ ਇਕ ਡਿਪਲੋਮੈਟ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਜੂਨ ਵਿਚ 27 ਮੈਂਬਰੀ ਯੂਰਪੀ ਸੰਘ ਨੇ ਅਮਰੀਕੀ ਯਾਤਰੀਆਂ 'ਤੇ ਲਗਾਈ ਗਈ ਪਾਬੰਦੀ ਖ਼ਤਮ ਕਰ ਦਿੱਤੀ ਸੀ। ਹੁਣ ਗੈਰ ਜ਼ਰੂਰੀ ਯਾਤਰਾ ਲਈ ਸੁਰੱਖਿਅਤ ਦੇਸ਼ਾਂ ਦੀ ਸੂਚੀ ਤੋਂ ਅਮਰੀਕਾ ਨੂੰ ਹਟਾਉਣ ਦਾ ਫ਼ੈਸਲਾ ਕੀਤਾ ਜਾ ਸਕਦਾ ਹੈ।
ਈ.ਯੂ. ਦੇ ਡਿਪਲੋਮੈਟ ਮੁਤਾਬਕ ਇਸ ਹਫ਼ਤੇ ਇਹ ਨਿਰਦੇਸ਼ ਲਾਗੂ ਹੋ ਸਕਦਾ ਹੈ। ਭਾਵੇਂਕਿ ਹਾਲੇ ਵੀ ਇਸ ਫੈ਼ਸਲੇ ਦੀ ਸਮੀਖਿਆ 'ਤੇ ਕੰਮ ਚੱਲ ਰਿਹਾ ਹੈ। ਕੋਈ ਵੀ ਫ਼ੈਸਲਾ ਗੈਰ-ਬਾਈਡਿੰਗ ਹੋਵੇਗਾ। ਯੂਰਪੀ ਸੰਘ ਦੇ ਦੇਸ਼ਾਂ ਵਿਚ ਕੋਵਿਡ-19 ਦੇ ਮੱਦੇਨਜ਼ਰ ਯਾਤਰਾ ਸੰਬੰਧੀ ਕੋਈ ਰਜਿਸਟਰਡ ਨੀਤੀ ਨਹੀਂ ਹੈ ਅਤੇ ਸਬੰਧਤ ਦੇਸ਼ ਦੀ ਸਰਕਾਰ ਨੇ ਇਹ ਫ਼ੈਸਲਾ ਲੈਣਾ ਹੁੰਦਾ ਹੈ ਕਿ ਅਮਰੀਕੀ ਯਾਤਰੀਆਂ ਲਈ ਸਰਹੱਦ ਖੋਲ੍ਹੀ ਜਾਵੇ ਜਾਂ ਨਹੀਂ। ਯੂਰਪੀ ਪਰੀਸ਼ਦ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਪੱਧਰ ਦੇ ਆਧਾਰ 'ਤੇ ਆਪਣੀ ਸੂਚੀ ਨੂੰ ਅਪਡੇਟ ਕਰਦਾ ਹੈ। ਹਰ ਦੋ ਹਫ਼ਤੇ ਬਾਅਦ ਇਸ ਦੀ ਸਮੀਖਿਆ ਕੀਤੀ ਜਾਂਦੀ ਹੈ।
ਪੜ੍ਹੋ ਇਹ ਅਹਿਮ ਖਬਰ - ਕੋਰੋਨਾ ਦਾ ਕਹਿਰ, ਆਸਟ੍ਰੇਲੀਆ 'ਚ ਮ੍ਰਿਤਕਾਂ ਦਾ ਅੰਕੜਾ 1000 ਦੇ ਪਾਰ
ਸੂਚੀ ਮੁਤਾਬਕ ਯਾਤਰਾ ਇਜਾਜ਼ਤ ਲਈ ਪਿਛਲੇ 14 ਦਿਨਾਂ ਵਿਚ ਪ੍ਰਤੀ ਇਕ ਲੱਖ ਆਬਾਦੀ 'ਤੇ ਕੋਵਿਡ-19 ਦੇ 75 ਤੋਂ ਵੱਧ ਮਾਮਲੇ ਨਹੀਂ ਹੋਣੇ ਚਾਹੀਦੇ ਹਨ। ਹਾਲ ਹੀ ਦੇ ਹਫਤਿਆਂ ਵਿਚ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ। ਅਮਰੀਕਾ ਵਿਚ ਪਿਛਲੇ ਹਫ਼ਤੇ ਰੋਜ਼ਾਨਾ ਔਸਤਨ 1,52,000 ਤੋਂ ਵੱਧ ਮਾਮਲੇ ਆਏ ਅਤੇ ਹਸਪਤਾਲਾਂ ਵਿਚ ਵੀ ਮਰੀਜ਼ਾਂ ਦੀ ਗਿਣਤੀ ਵੱਧ ਗਈ ਹੈ।