-20° ਤਾਪਮਾਨ ਤੇ ਬਰਫੀਲੀਆਂ ਹਵਾਵਾਂ ''ਚ ਗਰਲਫ੍ਰੈਂਡ ਨੂੰ ਇਕੱਲੀ ਛੱਡ ਗਿਆ ਮੁੰਡਾ ! ਤੜਫ਼-ਤੜਫ਼ ਨਿਕਲੀ ਜਾਨ
Monday, Dec 08, 2025 - 02:25 PM (IST)
ਇੰਟਰਨੈਸ਼ਨਲ ਡੈਸਕ- ਯੂਰਪੀ ਦੇਸ਼ ਆਸਟ੍ਰੀਆ ਤੋਂ ਇਕ ਦਿਲ ਨੂੰ ਝੰਜੋੜ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇਕ ਮੁੰਡੇ ਨੇ ਆਪਣੀ ਪ੍ਰੇਮਿਕਾ ਨੂੰ ਦੇਸ਼ ਦੀ ਸਭ ਤੋਂ ਉੱਚੀ ਚੋਟੀ 'ਤੇ ਠੰਡ 'ਚ ਇਕੱਲੇ ਛੱਡ ਦਿੱਤਾ, ਜਿਸ ਕਾਰਨ ਉਸ ਦੀ ਤੜਫ਼-ਤੜਫ਼ ਕੇ ਜਾਨ ਨਿਕਲ ਗਈ।
ਇਹ ਘਟਨਾ ਇਸ ਸਾਲ ਜਨਵਰੀ 'ਚ ਵਾਪਰੀ, ਜਦੋਂ ਇਕ 33 ਸਾਲਾ ਆਸਟ੍ਰੀਆਈ ਔਰਤ ਕਰਸਟਿਨ ਗੁਰਟਨਰ, ਜੋ ਸੋਸ਼ਲ ਮੀਡੀਆ 'ਤੇ "ਵਿੰਟਰ ਚਾਈਲਡ" ਅਤੇ "ਮਾਊਂਟੇਨ ਪਰਸਨ" ਵਜੋਂ ਮਸ਼ਹੂਰ ਸੀ, ਆਪਣੇ ਬੁਆਏਫ੍ਰੈਂਡ ਨਾਲ ਦੇਸ਼ ਦੀ ਸਭ ਤੋਂ ਉੱਚੀ ਚੋਟੀ ਗਰੌਸਗਲੌਕਨ 'ਤੇ ਚੜ੍ਹਾਈ ਕਰ ਰਹੀ ਸੀ। ਅਧਿਕਾਰੀਆਂ ਅਨੁਸਾਰ ਉਹ ਤਹਿ ਸਮੇਂ ਤੋਂ ਦੋ ਘੰਟੇ ਦੇਰੀ ਨਾਲ ਚੱਲ ਰਹੇ ਸਨ ਅਤੇ ਚੜ੍ਹਾਈ ਦੌਰਾਨ ਉਨ੍ਹਾਂ ਨੂੰ -20°C ਤਾਪਮਾਨ ਅਤੇ ਬਰਫੀਲੀਆਂ ਹਵਾਵਾਂ ਦਾ ਸਾਹਮਣਾ ਕਰਨਾ ਪਿਆ।
ਚੋਟੀ ਤੋਂ ਲਗਭਗ 150 ਫੁੱਟ (50 ਮੀਟਰ) ਹੇਠਾਂ ਜਦੋਂ ਗੁਰਟਨਰ ਬਹੁਤ ਥੱਕ ਗਈ ਤੇ ਠੰਡ ਕਾਰਨ ਉਸ ਦਾ ਬੁਰਾ ਹਾਲ ਹੋ ਗਿਆ ਤਾਂ ਪਲੈਂਬਰਗਰ ਉਸ ਨੂੰ ਇਕੱਲਾ ਛੱਡ ਕੇ ਮਦਦ ਲੈਣ ਲਈ ਚਲਾ ਗਿਆ, ਜਦੋਂ ਕਿ ਉਸ ਨੇ ਉਸ ਨੂੰ ਠੰਡ ਤੋਂ ਬਚਾਉਣ ਉਨ੍ਹਾਂ ਕੋਲ ਮੌਜੂਦ ਐਮਰਜੈਂਸੀ ਕੰਬਲਾਂ ਜਾਂ ਬਿਵੋਆਕ ਬੈਗਜ਼ ਦੀ ਵਰਤੋਂ ਨਹੀਂ ਕੀਤੀ। ਪ੍ਰੋਸੀਕਿਊਟਰਾਂ ਨੇ ਦੋਸ਼ ਲਾਇਆ ਹੈ ਕਿ ਉਸ ਨੇ ਰੈਸਕਿਊ ਸਰਵਿਸਿਜ਼ ਨਾਲ ਸੰਪਰਕ ਕਰਨ ਵਿੱਚ ਵੀ ਕਈ ਘੰਟਿਆਂ ਦੀ ਦੇਰੀ ਕਰ ਦਿੱਤੀ ਅਤੇ ਪਹਿਲੀ ਕਾਲ ਤੋਂ ਬਾਅਦ ਆਪਣੇ ਫ਼ੋਨ ਨੂੰ ਸਾਈਲੈਂਟ ਮੋਡ 'ਤੇ ਲਗਾ ਦਿੱਤਾ। ਤੇਜ਼ ਹਵਾਵਾਂ ਕਾਰਨ ਰੈਸਕਿਊ ਟੀਮ ਵੀ ਅਗਲੀ ਸਵੇਰ ਤੱਕ ਗੁਰਟਨਰ ਤੱਕ ਨਹੀਂ ਪਹੁੰਚ ਸਕੀ, ਜਿਸ ਕਾਰਨ ਉਸ ਦੀ ਠੰਡ ਕਾਰਨ ਭਿਆਨਕ ਮੌਤ ਹੋ ਗਈ। ਜਦੋਂ ਅਗਲੀ ਸਵੇਰ ਰੈਸਕਿਊ ਟੀਮ ਉਸ ਤੱਕ ਪਹੁੰਚੀ ਤਾਂ ਉਹ ਬੁਰੀ ਤਰ੍ਹਾਂ ਬਰਫ਼ 'ਚ ਜੰਮੀ ਹੋਈ ਮਿਲੀ।
ਪਲੈਂਬਰਗਰ ਇੱਕ ਤਜਰਬੇਕਾਰ ਗਾਈਡ ਹੈ, ਇਸ ਲਈ ਉਸ ਨੂੰ ਗੁਰਟਨਰ ਦੀ ਮੌਤ ਦਾ ਜ਼ਿੰਮੇਵਾਰ ਮੰਨਿਆ ਗਿਆ ਹੈ। ਜੇਕਰ ਉਹ ਇਸ ਮਾਮਲੇ 'ਚ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਤਿੰਨ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ। ਇਸ ਮਾਮਲੇ ਦੀ ਸੁਣਵਾਈ ਇਨਸਬਰੁਕ ਖੇਤਰੀ ਅਦਾਲਤ ਵਿੱਚ 19 ਫਰਵਰੀ 2026 ਨੂੰ ਹੋਣੀ ਹੈ। ਪਲੈਂਬਰਗਰ ਦੇ ਵਕੀਲ ਦਾ ਕਹਿਣਾ ਹੈ ਕਿ ਇਹ ਇੱਕ ਦੁਖਦ ਤੇ ਬਦਕਿਸਮਤੀ ਵਾਲੀ ਦੁਰਘਟਨਾ ਸੀ। ਇਸ ਮਗਰੋਂ ਕਰਸਟਿਨ ਦੇ ਦੋਸਤਾਂ ਅਤੇ ਪਰਿਵਾਰ ਨੇ ਇੱਕ ਆਨਲਾਈਨ ਪੇਜ ਬਣਾਇਆ ਹੈ, ਜਿੱਥੇ ਸੈਂਕੜੇ ਲੋਕਾਂ ਨੇ ਉਸ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
