ਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦੇ ਗੀਤ "ਡੋਲੀ" ਦਾ ਪੋਸਟਰ ਲੋਕ ਅਰਪਣ

Tuesday, Mar 30, 2021 - 03:32 PM (IST)

ਸਕਾਟਲੈਂਡ ਵਸਦੇ ਗਾਇਕ ਕਰਮਜੀਤ ਮੀਨੀਆਂ ਦੇ ਗੀਤ "ਡੋਲੀ" ਦਾ ਪੋਸਟਰ ਲੋਕ ਅਰਪਣ

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਵਿਦੇਸ਼ਾਂ ਦੀ ਧਰਤੀ 'ਤੇ ਬਹੁਤ ਸਾਰੇ ਅਜਿਹੇ ਪ੍ਰਤਿਭਾਵਾਨ ਕਲਾਕਾਰ ਵਸਦੇ ਹਨ ਜੋ ਗਾਹੇ-ਬਗਾਹੇ ਆਪਣੇ ਭੂ-ਹੇਰਵੇ, ਰਿਸ਼ਤਿਆਂ, ਵਿਰਸੇ, ਸੱਭਿਆਚਾਰ ਨਾਲ ਜੁੜੀਆਂ ਯਾਦਾਂ ਅਤੇ ਹਕੀਕਤਾਂ ਨੂੰ ਕਲਾ ਮਾਧਿਅਮ ਰਾਹੀਂ ਉਜਾਗਰ ਕਰਦੇ ਰਹਿੰਦੇ ਹਨ। ਸਕਾਟਲੈਂਡ ਦੀ ਧਰਤੀ 'ਤੇ ਵਸਦਾ ਉੱਦਮੀ ਨੌਜਵਾਨ  ਗਾਇਕ ਕਰਮਜੀਤ ਮੀਨੀਆਂ ਵੀ ਉਨ੍ਹਾਂ ਮਰਜੀਵੜਿਆਂ ਵਿੱਚੋਂ ਇੱਕ ਹੈ, ਜੋ ਯਾਦਾਂ ਦੀ ਸਮ੍ਹਾਂ 'ਤੇ ਹੱਸ ਕੇ ਕੁਰਬਾਨ ਚੜ੍ਹਦੇ ਰਹਿੰਦੇ ਨੇ। 

ਰਿਸ਼ਤਿਆਂ ਦੀ ਪਾਕੀਜ਼ਗੀ, ਆਪਣਿਆਂ ਦੇ ਮੋਹ ਵਿੱਚ ਓਤ-ਪੋਤ ਗੀਤ "ਡੋਲੀ" ਰਾਹੀਂ 10 ਅਪ੍ਰੈਲ ਨੂੰ ਲੋਕ ਮਨਾਂ ਦਾ ਕੁੰਡਾ ਖੜਕਾਉਣ ਆ ਰਿਹਾ ਹੈ ਕਰਮਜੀਤ ਮੀਨੀਆਂ। ਸਾਡੀ ਬੇਟੀ, ਭੈਣ, ਪਤਨੀ ਅਤੇ ਮਾਂ ਸਮੇਤ ਸਮੂਹ ਰਿਸ਼ਤਿਆਂ ਨਾਲ ਜੁੜੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਡੋਲੀ ਬੈਠਣ ਦੀ ਰਸਮ ਜ਼ਿੰਦਗੀ ਦਾ ਅਹਿਮ ਮੋੜ ਹੁੰਦੀ ਹੈ। ਇਸ ਰਸਮ ਨਾਲ ਜੁੜੀਆਂ ਭਾਵਨਾਵਾਂ ਅਤੇ ਡੋਲੀ ਵਿੱਚ ਬੈਠ ਕੇ ਸਹੁਰੇ ਘਰ ਜਾ ਰਹੀ ਲੜਕੀ ਦੇ ਦਿਲ ਦੀ ਹੂਕ ਬਿਆਨ ਕਰਦਾ ਗੀਤ ਕਰਮਜੀਤ ਮੀਨੀਆਂ ਨੇ ਲਿਖਿਆ ਤੇ ਗਾਇਆ ਖ਼ੁਦ ਹੈ। ਇਸ ਗੀਤ ਦਾ ਵੀਡੀਓ ਫ਼ਿਲਮਾਂਕਣ ਅਰਸ਼ ਮੀਨੀਆਂ ਅਤੇ ਪੰਜ ਦਰਿਆ ਟੀਮ ਵੱਲੋਂ ਸਕਾਟਲੈਂਡ ਦੀਆਂ ਖ਼ੂਬਸੂਰਤ ਲੋਕੇਸ਼ਨਾਂ 'ਤੇ ਕੀਤਾ ਗਿਆ ਹੈ ਅਤੇ ਗੀਤ ਨੂੰ ਸੰਗੀਤਕ ਧੁਨਾਂ 'ਚ ਪਰੋਇਆ ਹੈ ਸੰਗੀਤਕਾਰ ਡੀ ਗਿੱਲ ਨੇ। 

ਇਹ ਗੀਤ ਤੇਜ਼ ਰਿਕਾਰਡਜ਼ ਕੰਪਨੀ ਅਤੇ ਸਕਾਟਲੈਂਡ ਦੀ ਹੁਣ ਤੱਕ ਦੀ ਪਹਿਲੀ ਬਹੁ-ਭਾਸ਼ਾਈ ਅਖ਼ਬਾਰ 'ਪੰਜ ਦਰਿਆ' ਵੱਲੋਂ ਸਾਂਝੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਲੋਕ ਅਰਪਣ ਕਰਨ ਦੀ ਰਸਮ ਗਲਾਸਗੋ ਦੇ ਪ੍ਰਸਿੱਧ ਨੌਜਵਾਨ ਕਾਰੋਬਾਰੀ ਲਖਵੀਰ ਸਿੰਘ ਸਿੱਧੂ (ਲੰਡਨ ਹੋਟਲ ਵਾਲੇ), ਪ੍ਰਸਿੱਧ ਨੌਜਵਾਨ ਕਾਰੋਬਾਰੀ ਤੇ ਗਾਇਕ ਸੋਢੀ ਬਾਗੜੀ, ਪ੍ਰਸਿੱਧ ਕਾਰੋਬਾਰੀ ਤੇ ਪ੍ਰਮੋਟਰ ਦਲਜਿੰਦਰ ਸਿੰਘ ਸਮਰਾ (ਗੋਰਸੀਆਂ ਮੱਖਣ) ਆਦਿ ਨੇ ਅਦਾ ਕੀਤੀ। ਲਖਵੀਰ ਸਿੰਘ ਸਿੱਧੂ ਨੇ ਕਿਹਾ ਕਿ ਕਰਮਜੀਤ ਮੀਨੀਆਂ ਇੱਕ ਨਿਪੁੰਨ ਰੇਡੀਓ ਪੇਸ਼ਕਾਰ ਤਾਂ ਹੈ ਹੀ ਸਗੋਂ ਇਸ ਗੀਤ ਰਾਹੀਂ ਉਸ ਨੇ ਗੀਤਕਾਰ ਤੇ ਗਾਇਕ ਹੋਣ ਦਾ ਵੀ ਪੁਖਤਾ ਸਬੂਤ ਪੇਸ਼ ਕੀਤਾ ਹੈ। 

ਦਲਜਿੰਦਰ ਸਿੰਘ ਸਮਰਾ ਨੇ ਕਿਹਾ ਕਿ ਕਰਮਜੀਤ ਮੀਨੀਆਂ ਸਕਾਟਲੈਂਡ ਦੇ ਭਾਈਚਾਰੇ ਲਈ ਮਾਣਮੱਤਾ ਨਾਮ ਹੋ ਨਿਬੜਿਆ ਹੈ। ਸੋਢੀ ਬਾਗੜੀ ਨੇ ਕਿਹਾ ਕਿ ਕਰਮਜੀਤ ਭੱਲਾ ਮਿਹਨਤੀ ਇਨਸਾਨ ਹੈ, ਉਸ ਦੀ ਮਿਹਨਤ 'ਤੇ ਸ਼ੱਕ ਕੀਤਾ ਹੀ ਨਹੀਂ ਜਾ ਸਕਦਾ ਅਤੇ ਅਸੀਂ ਇਸ ਗੀਤ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਨ ਦੇ ਨਾਲ ਨਾਲ ਮਾਣ ਮਹਿਸੂਸ ਕਰਦੇ ਹਾਂ ਕਿ ਇਹ ਗੀਤ ਸਕਾਟਲੈਂਡ ਦੀ ਧਰਤੀ ਤੋਂ ਉਪਜ ਕੇ ਵਿਸ਼ਵ ਭਰ ਵਿੱਚ ਮਹਿਕਾਂ ਖਿਲਾਰੇਗਾ। ਇਸ ਤੋਂ ਇਲਾਵਾ ਲੇਖਕ ਅਮਰ ਮੀਨੀਆਂ, ਬਿੱਟੂ ਬਾਗੜੀ, ਗੁਰਮੀਤ ਸਿੱਧੂ ਹਿੰਮਤਪੁਰਾ, ਰਵੀ ਸਰਨਾ, ਗੁਰਪ੍ਰੀਤ ਸੋਹੀ, ਗਾਇਕ ਜੀਵਨ ਬਾਈ ਕੈਨੇਡਾ, ਕੁਲਵੰਤ ਸਹੋਤਾ, ਬਿੰਦਰ  ਭੋਗਪੁਰੀ, ਬਿੱਲਾ ਜੌਹਲ, ਮੁਹੰਮਦ ਰਾਸ਼ਿਦ, ਰੇਡੀਓ ਆਵਾਜ਼ ਐਫ ਐਮ ਦੇ ਡਾਇਰੈਕਟਰ ਅਲੀ ਮਲਿਕ ਆਦਿ ਵੱਲੋਂ ਪੋਸਟਰ ਲੋਕ ਅਰਪਣ ਹੋਣ 'ਤੇ ਹਾਰਦਿਕ ਵਧਾਈ ਪੇਸ਼ ਕੀਤੀ ਗਈ।


author

Vandana

Content Editor

Related News