ਇਟਲੀ ਦੇ ਪੇਪਰਾਂ ਨੂੰ ਲੈ ਕੇ ਭ੍ਰਿਸ਼ਟਾਚਾਰ ਜੋ਼ਰਾਂ ''ਤੇ, ਪੜ੍ਹੋ ਪੂਰਾ ਮਾਮਲਾ

Tuesday, May 23, 2023 - 06:20 PM (IST)

ਰੋਮ (ਦਲਵੀਰ ਕੈਂਥ):  ਇਹ ਖ਼ਬਰ ਉਹਨਾਂ ਲੋਕਾਂ ਲਈ ਵਿਸ਼ੇਸ਼ ਹੈ ਜਿਹੜੇ ਇਹ ਕਹਿੰਦੇ ਹਨ ਕਿ ਯੂਰਪੀਅਨ ਦੇਸ਼ਾਂ ਵਿੱਚ ਭ੍ਰਿਸ਼ਟਾਚਾਰ ਜਾਂ ਗੈਰ-ਕਾਨੂੰਨੀ ਕੰਮ ਨਹੀਂ ਹੁੰਦੇ। ਇੱਥੇ ਜੇਕਰ ਇਟਲੀ ਦੀ ਗੱਲ ਕੀਤੀ ਜਾਵੇ ਤਾਂ ਯੂਰਪ ਭਰ ਵਿੱਚੋਂ ਇਟਲੀ ਭ੍ਰਿਸ਼ਟਾਚਾਰ ਵਿੱਚ ਪਹਿਲੇ ਨੰਬਰ 'ਤੇ ਹੈ। ਇਸ ਕਾਰਵਾਈ ਦੀਆਂ ਅਨੇਕਾਂ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ, ਜਿਸ ਵਿੱਚ ਇੱਕ ਉਦਾਹਰਣ ਹੈ ਇਟਲੀ ਦੇ ਪੇਪਰਾਂ ਸੰਬਧੀ ਜਿਹੜੀ ਕਿ ਇਟਲੀ ਰਹਿਣ ਬਸੇਰਾ ਕਰਦਾ ਭਾਰਤੀ ਅੱਜ-ਕਲ੍ਹ ਹੱਡੀ ਹੰਢਾਅ ਰਿਹਾ ਹੈ। ਬੀਤੇ ਕਰੀਬ 2 ਸਾਲ ਤੋਂ ਇਟਲੀ ਦੇ ਨਿਕਲ ਰਹੇ ਪੇਪਰ ਉਹ ਚਾਹੇ ਪਰਿਵਾਰ ਦੇ ਹਨ ਜਾਂ ਫਿਰ ਕਾਮਿਆਂ ਦੇ, ਜਦੋਂ ਪੇਪਰ ਦਿੱਲੀ (ਭਾਰਤ) ਸਥਿਤ ਇਟਾਲੀਅਨ ਅੰਬੈਂਸੀ ਵਿੱਚ ਜਮ੍ਹਾਂ ਕਰਵਾਉਣੇ ਹੁੰਦੇ ਹਨ ਤਾਂ ਉਸ ਲਈ ਇੱਕ ਨਿਰਧਾਰਤ ਤਾਰੀਖ਼ ਲੈਣੀ ਪੈਂਦੀ ਹੈ। ਤਾਰੀਖ਼ ਲੈਣ ਦੀ ਪ੍ਰਕ੍ਰਿਰਿਆ ਚਾਹੇ ਕੋਰੋਨਾ ਕਾਲ ਵਿੱਚ ਸ਼ੁਰੂ ਹੋਈ ਸੀ ਪਰ ਹੁਣ ਤੱਕ ਵੀ ਇਹ ਕਾਰਵਾਈ ਜਾਰੀ ਹੈ।

ਬਿਨਾਂ ਨਿਰਧਾਰਤ ਤਾਰੀਖ਼ ਲਏ ਤੁਸੀਂ ਅੰਬੈਂਸੀ ਜਾਣਾ ਤਾਂ ਕੀ ਉੱਥੇ ਦਾਖਲ ਵੀ ਨਹੀਂ ਹੋ ਸਕਦੇ। ਬੀਤੇ ਸਮੇਂ ਵਿੱਚ ਕੋਰੋਨਾ ਦੇ ਮੱਦੇਨਜ਼ਰ ਦੇਸ਼-ਵਿਦੇਸ਼ ਵਿੱਚ ਕਿਸੇ ਵੀ ਜਨਤਕ ਦਫ਼ਤਰ ਵਿੱਚ ਜਾਣ ਲਈ ਜੋ ਵੀ ਸ਼ਰਤਾਂ ਸਰਕਾਰਾਂ ਵੱਲੋਂ ਰੱਖੀਆਂ ਗਈਆਂ ਸਨ, ਉਹ ਲੱਗਭਗ ਖ਼ਤਮ ਹੋ ਚੁੱਕੀਆਂ ਹਨ ਪਰ ਇਟਾਲੀਅਨ ਅੰਬੈਂਸੀ ਦੇ ਅਧਿਕਾਰੀਆਂ ਨੂੰ ਹੁਣ ਵੀ ਡਰ ਲਗ ਰਿਹਾ ਹੈ ਕਿ ਕਿਤੇ ਕੋਰੋਨਾ ਉਹਨਾਂ ਨੂੰ ਫੜ੍ਹ ਨਾ ਲਵੇ। ਇਸ ਲਈ ਉਹ ਲੋਕਾਂ ਨੂੰ ਬਿਨਾਂ ਨਿਰਧਾਰਤ ਤਾਰੀਖ਼ ਲਏ ਅੰਬੈਂਸੀ ਦਾਖਲ ਹੋਣ ਨਹੀਂ ਦਿੰਦੇ। ਇਹ ਪੱਖ ਸੀ ਇਟਲੀ ਦੀ ਦਿੱਲੀ (ਭਾਰਤ) ਸਥਿਤ ਇਟਾਲੀਅਨ ਅੰਬੈਂਸੀ ਦਾ। ਪਰ ਅਸੀਂ ਆਪਣੇ ਪਾਠਕਾਂ ਲਈ ਇਸ ਉਲਝੇ ਤਾਣੇ-ਬਾਣੇ ਦਾ ਦੂਜਾ ਪੱਖ ਪੇਸ਼ ਰਹੇ ਹਾਂ, ਜਿਸ ਨੂੰ ਜਾਣ ਉਹਨਾਂ ਲੋਕਾਂ ਨੂੰ ਹੈਰਾਨੀ ਹੋਵੇਗੀ ਜਿਹਨਾਂ ਦਾ ਇਟਲੀ ਨਾਲ ਕੋਈ ਵਾਹ-ਵਾਸਤਾ ਨਹੀਂ।

PunjabKesari

ਇਟਲੀ ਦੇ ਪੇਪਰਾਂ ਨੂੰ ਦਿੱਲੀ ਸਥਿਤ ਇਟਾਲੀਅਨ ਅੰਬੈਂਸੀ ਵਿੱਚ ਜਮ੍ਹਾਂ ਕਰਵਾਉਣ ਲਈ ਪੰਜਾਬ ਦੇ ਕੁਝ ਠੱਗ ਜਿਹੇ ਏਜੰਟ ਇਟਲੀ ਜਾਂ ਭਾਰਤ ਦੇ ਮਜ਼ਬੂਰ ਅਤੇ ਬੇਵੱਸ ਲੋਕਾਂ ਤੋਂ 20,000 ਰੁਪਏ ਤੋਂ 150,000 ਰੁਪਏ ਤੱਕ ਵਸੂਲ ਕਰ ਰਹੇ ਹਨ, ਜਿਸ ਨੂੰ "ਮਰਦੀ ਕੀ ਨਾ ਕਰਦੀ" ਲੋਕ ਕਹਾਵਤ ਵਾਂਗਰ ਲੋਕਾਂ ਨੂੰ ਦੇਣੇ ਪੈ ਰਹੇ ਹਨ। ਤਾਰੀਖ਼ ਫਿਰ ਵੀ ਉਹਨਾਂ ਨੂੰ 1 ਮਹੀਨੇ ਬਆਦ ਹੀ ਮਿਲਦੀ ਹੈ। ਇਹ ਪੇਪਰ ਚਾਹੇ ਪਰਿਵਾਰ ਦੇ ਹਨ ਜਾਂ ਕੰਮ ਦੇ ਏਜੰਟਾਂ ਨੇ ਇੱਕ ਹੀ ਟੋਕਾ ਰੱਖਿਆ ਹੈ ਜਿਸ ਨਾਲ ਉਹ ਸਭ ਨੂੰ ਟੁੱਕੀ ਜਾਂਦੇ ਹਨ ਤੇ ਇਸ ਗੋਰਖ ਧੰਦੇ ਵਿੱਚ ਬਰਾਬਰ ਸ਼ਰੀਕ ਹੈ ਇਟਾਲੀਅਨ ਅੰਬੈਂਸੀ ਦੇ ਅਧਿਕਾਰੀ, ਜਿਹੜੇ ਕਿ ਆਨਲਾਈਨ ਤਾਰੀਖ਼ ਸੌਖੇ ਢੰਗ ਨਾਲ ਨਹੀਂ ਦਿੰਦੇ। ਇਹ ਲੋਕ ਆਪਸ ਵਿੱਚ ਰਲ-ਮਿਲਕੇ ਲਾਚਾਰ ਲੋਕਾਂ ਦਾ ਦੋਵੇਂ ਹੱਥੀ ਸੋਸ਼ਣ ਕਰ ਰਹੇ ਹਨ, ਜਿਸ ਲਈ ਹੁਣ ਤੱਕ ਕੋਈ ਵੀ ਸਖ਼ਸ ਬੋਲਣਾ ਨਹੀਂ ਚਾਹੁੰਦਾ ਸਗੋ ਪਤਲੀ ਗਲੀ ਵਿੱਚੋਂ ਆਪਣਾ ਕੰਮ ਕਰਵਾ ਨਿਕਲਣ ਵਿੱਚ ਹੀ ਪੁੰਨ ਦਾ ਕੰਮ ਸਮਝਦਾ ਹੈ।

ਅਨੇਕਾਂ ਅਜਿਹੇ ਲੋਕ ਹਨ ਜਿਹਨਾਂ ਨੂੰ ਇਟਾਲੀਅਨ ਅੰਬੈਸੀ ਨੇ ਪੇਪਰ ਜਮ੍ਹਾਂ ਕਰਵਾਉਣ ਲਈ ਸਮੇਂ ਸਿਰ ਤਾਰੀਖ਼ ਨਹੀਂ ਦਿੱਤੀ, ਜਿਸ ਕਾਰਨ ਉਹ ਵਿਚਾਰੇ 84 ਦੇ ਗੇੜ ਵਿੱਚ ਫਸ ਜਾਂਦੇ ਹਨ ਤੇ ਦੁਬਾਰਾ ਇਟਲੀ ਤੋਂ ਹਜ਼ਾਰਾਂ ਖਰਚਾਂ ਕਰ ਪੇਪਰ ਰਿਨਿਊ ਕਰਵਾ ਕੇ ਮੰਗਵਾਉਂਦੇ ਹਨ ਕਿਉਂਕਿ ਜਦੋਂ ਇਟਲੀ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਪੇਪਰ (ਨੋਲਾ ਅੋਸਤਾ) ਦਿੱਤਾ ਜਾਂਦਾ ਹੈ ਤਾਂ ਉਸ ਦੀ ਮਿਆਦ 6 ਮਹੀਨੇ ਤੱਕ ਮੰਨੀ ਜਾਂਦੀ ਹੈ। ਉਂਝ ਤਾਂ ਇਹ ਗੌਰਖ ਧੰਦਾ ਕਈ ਮਹੀਨਿਆਂ ਤੋਂ ਨਿਰੰਤਰ ਚੱਲ ਰਿਹਾ ਹੈ ਪਰ ਹੁਣ ਫਿਰ ਇਟਲੀ ਦੇ ਸੀਜ਼ਨੀ ਕੰਮ ਵਾਲੇ ਨਿਕਲੇ ਪੇਪਰ ਨੂੰ ਲੈ ਲੋਕਾਂ ਨੂੰ ਤਰਲੋ-ਮੱਛੀ ਹੁੰਦੇ ਦੇਖਿਆ ਜਾਂ ਰਿਹਾ ਹੈ। ਨਿਕਲੇ ਪੇਪਰਾਂ ਵਾਲਾ ਸ਼ਖ਼ਸ ਪਹਿਲ ਦੇ ਅਧਾਰ 'ਤੇ ਦਿੱਲੀ ਅੰਬੈਂਸੀ ਪੇਪਰ ਜਮ੍ਹਾਂ ਕਰਵਾਉਣ ਲਈ ਕੋਈ ਵੀ ਸਮਝੌਤਾ ਕਰਨ ਵਿੱਚ ਇਹ ਨਹੀਂ ਸੋਚਦਾ ਕੀ ਉਸ ਦੀ ਲੁੱਟ ਹੋ ਰਹੀ ਹੈ। ਉਸ ਦਾ ਜਨੂੰਨ ਹੁੰਦਾ ਜਲਦ ਇਟਲੀ ਪਹੁੰਚਣਾ। ਉਸ ਲਈ ਫਿਰ ਚਾਹੇ ਉਸ ਨੂੰ ਜਿੱਥੇ ਪਹਿਲਾਂ 10 ਲੱਖ ਲਗਾਏ ਹੁੰਦੇ ਹਨ 1 ਲੱਖ ਨਾਲ ਫਰਕ ਨਹੀਂ ਪੈਂਦਾ। 

ਪੜ੍ਹੋ ਇਹ ਅਹਿਮ ਖ਼ਬਰ-ਸਿਡਨੀ 'ਚ PM ਮੋਦੀ ਬੋਲੇ-'ਭਾਰਤ ਦੁਨੀਆ ਦੀ ਸਭ ਤੋਂ ਵੱਡੀ ਟੈਲੇਂਟ ਫੈਕਟਰੀ, ਵਿਕਸਿਤ ਭਾਰਤ ਮੇਰਾ ਸੁਫ਼ਨਾ' 

ਠੱਗ ਏਜੰਟ ਬਸ ਇਸ ਜਾਨੂੰਨ ਨੂੰ ਇਸ ਹੱਦ ਤੱਕ ਹਵਾ ਦੇ ਦਿੰਦੇ ਹਨ ਕਿ ਬਹੁਤੇ ਲੋਕਾਂ ਨੂੰ ਤਾਂ ਹੋਈ ਲੁੱਟ ਦਾ ਇਟਲੀ ਆਕੇ ਉਂਦੋ ਪਤਾ ਲੱਗਦਾ ਜਦੋਂ ਵਿਚਾਰੇ ਕੰਮ ਨਾ ਮਿਲਣ ਕਾਰਨ ਇਟਲੀ ਦੇ ਹਾਲਾਤ ਦੇ ਧੱਕੇ ਚੜ੍ਹਦੇ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਿਹੜੇ ਵੀਜ਼ਾ ਲਗਵਾ ਇਟਲੀ ਆ ਜਾਂਦੇ ਹਨ, ਉਹ ਇਸ ਚੱਕਰਵਿਊ ਤੋਂ ਛੁੱਟਦੇ ਨਹੀਂ ਸਗੋਂ ਫਿਰ ਇਟਲੀ ਆਕੇ ਵੀ ਉਹਨਾਂ ਨੂੰ ਪੇਪਰ ਜਮ੍ਹਾਂ ਕਰਵਾਉਣ ਲਈ 200 ਯੂਰੋ ਲੈ 700 ਯੂਰੋ ਤੱਕ ਦੇਣਾ ਪੈ ਰਿਹਾ ਹੈ। ਰਾਜਧਾਨੀ ਰੋਮ ਦੇ ਇਮੀਗ੍ਰੇਸ਼ਨ ਵਿਭਾਗ ਤੋਂ ਜਿਹੜੇ 2022 ਵਿੱਚ ਪੇਪਰ ਨਿਕਲੇ ਸਨ ਉਹਨਾਂ ਕਾਮਿਆਂ ਨੇ ਪਹਿਲਾਂ ਦੇਸ਼ ਵਿੱਚ ਸ਼ੋਸ਼ਣ ਕਰਵਾਇਆ ਤੇ ਹੁਣ ਇਟਲੀ ਆਕੇ ਕਰਵਾਉਣ ਲਈ ਮਜ਼ਬੂਰ ਹਨ। 6-6 ਮਹੀਨੇ ਬੀਤ ਜਾਣ ਬਾਅਦ ਵੀ ਇਹਨਾਂ ਕਾਮਿਆਂ ਨੂੰ ਪੇਪਰ ਜਮ੍ਹਾਂ ਕਰਵਾਉਣ ਲਈ ਤਾਰੀਖ਼ ਨਹੀਂ ਮਿਲ ਰਹੀ ਤੇ ਇਟਲੀ ਦਾ ਕੋਈ ਵੀ ਸਿਆਸੀ ਜਾਂ ਗੈਰ ਸਿਆਸੀ ਭਾਰਤੀ ਆਗੂ ਇਹਨਾਂ ਦਾ ਮੋਢਾ ਥਪਥਾਉਣ ਲਈ ਤਿਆਰ ਨਹੀਂ ਸਭ ਮੂਕ ਦਰਸ਼ਕ ਬਣ ਤਮਾਸ਼ਾ ਦੇਖ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News