ਕੋਰੋਨਾ ਕਾਰਨ ਇਟਲੀ ''ਚ ਨਰਸਾਂ ਦਾ ਬੁਰਾ ਹਾਲ, ਤਸਵੀਰਾਂ ਹੋਈਆਂ ਵਾਇਰਲ

03/16/2020 2:45:51 PM

ਬੀਜਿੰਗ/ਰੋਮ— ਜਦ ਤੋਂ ਕੋਰੋਨਾ ਫੈਲਣਾ ਸ਼ੁਰੂ ਹੋਇਆ ਹੈ, ਚੀਨ 'ਚ ਰਾਤੋਂ-ਰਾਤ ਹਸਪਤਾਲ ਬਣਾ ਦਿੱਤੇ ਗਏ। ਉੱਥੋਂ ਦੇ ਡਾਕਟਰਾਂ ਨੇ 24-24 ਘੰਟਿਆਂ ਤਕ ਸ਼ਿਫਟ ਕੀਤੀ। ਨਰਸਾਂ ਨੇ ਵੀ ਲੰਬੀਆਂ ਸ਼ਿਫਟਾਂ ਕੀਤੀਆਂ ਅਤੇ ਇਨ੍ਹਾਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਹਨ। ਇੱਥੇ ਦੇ ਡਾਕਟਰਾਂ ਅਤੇ ਨਰਸਾਂ ਨੂੰ ਕੋਰੋਨਾ ਦੇ ਮਰੀਜ਼ਾਂ ਦਾ ਧਿਆਨ ਰੱਖਣ ਲਈ ਘੰਟਿਆਂ ਤਕ ਲਗਾਤਾਰ ਕੰਮ ਕਰਨਾ ਪੈ ਰਿਹਾ ਹੈ। ਹੁਣ ਇਹ ਵਾਇਰਸ ਚੀਨ ਸਣੇ 157 ਦੇਸ਼ਾਂ 'ਚ ਫੈਲ ਚੁੱਕਾ ਹੈ। ਇਟਲੀ 'ਚ ਵੀ ਕੋਰੋਨਾ ਵਾਇਰਸ ਨੇ ਕਾਫੀ ਤਬਾਹੀ ਮਚਾਈ ਤੇ ਇਸ ਵਾਇਰਸ ਨੂੰ ਕੰਟਰੋਲ ਕਰਨ ਲਈ ਨਰਸਾਂ-ਡਾਕਟਰਾਂ ਨੇ 18-18 ਤੋਂ ਵਧੇਰੇ ਘੰਟੇ ਕੰਮ ਕੀਤਾ।
ਇਕ ਫੋਟੋ ਟਵਿੱਟਰ 'ਤੇ ਐਂਡਰੀਆ ਵੋਗਟ ਨੇ ਸਾਂਝੀ ਕੀਤੀ ਹੈ। ਇਸ 'ਚ ਇਕ ਨਰਸ ਮੂੰਹ 'ਤੇ ਮਾਸਕ ਪਾ ਕੇ ਸੌਂ ਰਹੀ ਹੈ। ਦੇਖ ਕੇ ਹੀ ਲੱਗ ਰਿਹਾ ਹੈ ਕਿ ਉਹ ਬਹੁਤ ਥੱਕੀ ਹੋਈ ਹੈ। ਇਹ ਤਸਵੀਰ ਨਰਸ ਐਲੀਨ ਪੇਗਿਲਿਆਰਿਨੀ ਦੀ ਹੈ। ਉਹ ਲੋਂਬਾਰਡੀ ਖੇਤਰ ਦੇ ਇਕ ਹਸਪਤਾਲ 'ਚ ਕੰਮ ਕਰਦੀ ਹੈ। ਤਸਵੀਰ ਨੇ ਦੁਨੀਆ ਨੂੰ ਇਟਲੀ ਦੇ ਹਾਲ ਤੋਂ ਰੂ-ਬ-ਰੂ ਕਰਵਾਇਆ ਹੈ। ਉੱਥੋਂ ਦੇ ਸਿਹਤ ਕਰਮਚਾਰੀਆਂ ਨੂੰ ਬੇਹੱਦ ਲੰਬੀ ਸ਼ਿਫਟ 'ਚ ਕੰਮ ਕਰਨਾ ਪੈ ਰਿਹਾ ਹੈ। ਤਣਾਅ ਤੇ ਥਕਾਵਟ ਵਿਚਕਾਰ ਕੰਮ ਜਾਰੀ ਹੈ।

ਐਲੀਨ ਦੀ ਇਹ ਤਸਵੀਰ ਵਾਇਰਲ ਹੋ ਗਈ ਸੀ। ਲੋਕਾਂ ਨੇ ਉਨ੍ਹਾਂ ਨੂੰ ਮੈਸਜ ਕੀਤਾ ਅਤੇ ਉਨ੍ਹਾਂ ਦੇ ਕੰਮ ਨੂੰ ਸਲਾਮ ਕੀਤਾ। ਉਸ ਦੱਸਿਆ ਕਿ ਅਸਲ 'ਚ ਉਹ ਸਰੀਰਕ ਰੂਪ ਤੋਂ ਥੱਕਦੀ ਨਹੀਂ ਅਤੇ ਲਗਾਤਾਰ 24 ਘੰਟੇ ਕੰਮ ਕਰ ਸਕਦੀ ਹੈ ਪਰ ਉਹ ਇਹ ਨਹੀਂ ਛੁਪਾਵੇਗੀ ਕਿ ਹੁਣ ਉਹ ਥੱਕੀ ਹੋਈ ਹੈ ਤੇ ਚਿੰਤਤ ਹੈ ਕਿਉਂਕਿ ਉਹ ਅਜਿਹੇ ਦੁਸ਼ਮਣ ਨਾਲ ਲੜ ਰਹੀ ਹਾਂ, ਜਿਸ ਨੂੰ ਉਹ ਜਾਣਦੀ ਨਹੀਂ। ਹਰ ਵੇਲੇ ਮਾਸਕ ਲਗਾਉਣ ਕਾਰਨ ਕਈ ਡਾਕਟਰਾਂ ਤੇ ਨਰਸਾਂ ਦੇ ਚਿਹਰੇ 'ਤੇ ਜ਼ਖਮਾਂ ਵਰਗੇ ਨਿਸ਼ਾਨ ਬਣ ਗਏ ਹਨ।


Related News