USA ''ਚ ਪੰਜਾਬ ਦੀ 81 ਸਾਲਾ ਬੇਬੇ ਕਰ ਰਹੀ ਭਲਾਈ ਦਾ ਕੰਮ, ਹਰ ਕੋਈ ਕਰ ਰਿਹੈ ਸ਼ਲਾਘਾ

Sunday, Apr 19, 2020 - 09:39 AM (IST)

USA ''ਚ ਪੰਜਾਬ ਦੀ 81 ਸਾਲਾ ਬੇਬੇ ਕਰ ਰਹੀ ਭਲਾਈ ਦਾ ਕੰਮ, ਹਰ ਕੋਈ ਕਰ ਰਿਹੈ ਸ਼ਲਾਘਾ

ਫਰਿਜ਼ਨੋ (ਨੀਟਾ ਮਾਛੀਕੇ )- ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਚ ਰਹਿਣ ਵਾਲੀ ਬੇਬੇ ਬਹੁਤ ਸ਼ਲਾਘਾਯੋਗ ਅਤੇ ਭਲਾਈ ਦਾ ਕੰਮ ਕਰ ਰਹੀ ਹੈ। ਇਸ ਕਾਰਨ ਹਰ ਕੋਈ ਉਸ ਦੀਆਂ ਸਿਫਤਾਂ ਕਰ ਰਿਹਾ ਹੈ। ਮੇਜ਼ 'ਤੇ ਗੁਲਾਬੀ ਰੰਗ ਦੇ ਕੱਪੜੇ ਦੇ ਟੁਕੜੇ ਖਿੰਡੇ ਹੋਏ ਹਨ ਕਿਉਂਕਿ ਬੇਬੇ ਹਰਬੰਸ ਕੌਰ ਇਕ ਤੋਂ ਬਾਅਦ ਇਕ ਚਿਹਰੇ ਦੇ ਮਾਸਕ ਬਣਾ ਰਹੀ ਹੈ।

ਕੋਵਿਡ-19 ਦੇ ਮੱਦੇਨਜ਼ਰ ਫਰਿਜ਼ਨੋ ਨਿਵਾਸੀ 81 ਸਾਲਾ ਮਾਤਾ ਹਰਬੰਸ ਕੌਰ ਆਪਣੇ ਘਰੋਂ ਹੀ ਲੋੜਵੰਦ ਲੋਕਾਂ ਲਈ ਮਾਸਕ ਬਣਾ ਰਹੀ ਹੈ ਅਤੇ ਮਨੁੱਖਤਾ ਦੇ ਭਲੇ ਲਈ ਦਾਨ ਕਰ ਰਹੀ ਹੈ। ਕੌਰ ਦੀ ਬੇਟੀ ਜੁਗਨੂੰ ਭੰਡਾਲ ਖ਼ਾਲਸਾ ਏਡ ਸੰਸਥਾ ਦਾ ਹਿੱਸਾ ਹੈ, ਜੋ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਉੱਤੇ ਅਧਾਰਤ ਹੈ।
ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ, ਵਲੰਟੀਅਰਾਂ ਨੇ ਪੂਰੇ ਅਮਰੀਕਾ ਦੀਆਂ ਵੱਖੋ-ਵੱਖ ਸਟੇਟਾਂ ਵਿਚ ਲੰਗਰ ਲਗਾਏ ਅਤੇ ਫਰਿਜ਼ਨੋ ਵਿਚ ਵੀ 800 ਦੇ ਕਰੀਬ ਬੇਘਰੇ ਲੋਕਾਂ ਤੱਕ ਲੰਗਰ ਪਹੁੰਚਦਾ ਕੀਤਾ। ਸੰਸਥਾ ਨੂੰ ਉਨ੍ਹਾਂ ਵਲੰਟੀਅਰਾਂ ਦੀ ਜ਼ਰੂਰਤ ਸੀ ਜੋ ਮਾਸਕ ਸਿਲਾਈ ਕਰ ਸਕਣ ਅਤੇ ਮਾਤਾ ਹਰਬੰਸ ਕੌਰ ਉਸੇ ਵੇਲੇ ਕੰਮ ਕਰਨ ਲਈ ਮਿਲ ਗਈ। ਮਾਤਾ ਜੀ ਨੂੰ ਸਿਲਾਈ ਦਾ ਸ਼ੌਕ ਵੀ ਹੈ ਅਤੇ ਉਹ ਮਨੁੱਖਤਾ ਦੇ ਭਲੇ ਲਈ ਇਹ ਕੰਮ ਕਰਨ ਲਈ ਉਤਸ਼ਾਹਿਤ ਵੀ ਹਨ। ਮਾਤਾ ਜੀ ਨੇ ਦੱਸਿਆ ਕਿ ਉਨ੍ਹਾਂ ਨੇ ਵੀਡੀਓਜ਼ ਦੇਖ ਕੇ ਮਾਸਕ ਬਣਾਉਣੇ ਸਿੱਖ ਲਏ ਤੇ ਹੁਣ ਤੱਕ ਉਹ ਹਜ਼ਾਰਾਂ ਮਾਸਕ ਬਣਾ ਚੁੱਕੇ ਹਨ।

ਬੇਬੇ ਦੀ ਇਹ ਤਸਵੀਰ ਪ੍ਰੇਰਣਾ ਦਾ ਸਰੋਤ ਬਣ ਗਈ ਹੈ ਤੇ ਲੋਕਾਂ ਵਲੋਂ ਉਨ੍ਹਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਜੁਗਨੂੰ ਭੰਡਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਸਾਰੇ ਕਾਰੋਬਾਰੀ ਅਤੇ ਸਿਹਤ ਕਰਮਚਾਰੀਆਂ ਦੇ ਮਾਸਕ ਲੈਣ ਲਈ ਫ਼ੋਨ ਆ ਰਹੇ ਰਹੇ ਹਨ ‘ਤੇ ਸੈਂਕੜੇ ਮਾਸਕ ਅਸੀਂ ਮਾਤਾ ਹਰਬੰਸ ਕੌਰ ਦੇ ਉੱਦਮ ਸਦਕੇ ਲੋੜਵੰਦ ਲੋਕਾਂ ਤੱਕ ਪਹੁੰਚਦੇ ਕਰ ਚੁੱਕੇ ਹਾਂ।


author

Lalita Mam

Content Editor

Related News