ਇੰਡੋਨੇਸ਼ੀਆ ''ਚ ਲਾਕਡਾਊਨ ਤੋੜਨਾ ਪਵੇਗਾ ਭਾਰੀ, ਮਿਲੇਗੀ ਟਾਇਲਟ ਸਾਫ ਕਰਨ ਦੀ ਸਜ਼ਾ
Friday, May 15, 2020 - 02:15 PM (IST)
ਜਕਾਰਤਾ- ਇੰਡੋਨੇਸ਼ੀਆ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਰੋਕਣ ਲਈ ਸਖਤ ਨਿਯਮ ਜਾਰੀ ਕਰ ਦਿੱਤੇ ਹਨ। ਇੱਥੇ ਸਮਾਜਿਕ ਦੂਰੀ ਦਾ ਉਲੰਘਣ ਕਰਨ ਵਾਲੇ ਨੂੰ ਸਜ਼ਾ ਦੇ ਨਾਲ-ਨਾਲ ਭਾਰੀ ਜੁਰਮਾਨੇ ਵੀ ਭਰਨੇ ਪੈਣਗੇ। ਇੰਡੋਨੇਸ਼ੀਆ ਵਿਚ ਦੱਖਣੀ-ਪੂਰਬੀ ਏਸ਼ੀਆਈ ਦੇਸ਼ਾਂ ਵਿਚੋਂ ਕੋਰੋਨਾ ਦਾ ਸਭ ਤੋਂ ਜ਼ਿਆਦਾ ਕਹਿਰ ਇਸ ਦੇਸ਼ ਵਿਚ ਹੈ। ਇਸੇ ਲਈ ਹੁਣ ਲਾਕਡਾਊਨ ਦੇ ਨਿਯਮ ਤੋੜਨ ਵਾਲਿਆਂ ਨੂੰ ਟਾਇਲਟ ਸਾਫ ਕਰਨ ਦੀ ਸਜ਼ਾ ਵੀ ਮਿਲੇਗੀ।
ਅਜਿਹੇ ਵਿਚ ਸਰਕਾਰ ਨੇ ਮਜਬੂਰਨ ਲਾਕਡਾਊਨ ਅਤੇ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਸਖਤ ਕਰਨ ਦਾ ਫੈਸਲਾ ਲਿਆ ਹੈ। ਨਵੇਂ ਕਾਨੂੰਨ ਮੁਤਾਬਕ ਬਿਨਾ ਮਾਸਕ ਪਾਏ ਘਰੋਂ ਬਾਹਰ ਜਾਣ ਵਾਲੇ ਨੂੰ ਤਕਰੀਬਨ ਢਾਈ ਲੱਖ ਇੰਡੋਨੇਸ਼ੀਆਈ ਰੁਪਏ ਭਾਵ 1300 ਭਾਰਤੀ ਰੁਪਏ ਚੁਕਾਣੇ ਪੈਣਗੇ। ਜੇਕਰ ਕੋਈ ਕੰਪਨੀ ਲਾਕਡਾਊਨ ਦਾ ਉਲੰਘਣ ਕਰਦੀ ਹੈ ਜਾਂ ਕੋਈ ਦੁਕਾਨਦਾਰ ਇਸ ਦੌਰਾਨ ਆਪਣਾ ਕਾਰੋਬਾਰ ਖੋਲ੍ਹਦਾ ਹੈ ਤਾਂ ਉਨ੍ਹਾਂ ਨੂੰ ਜੁਰਮਾਨੇ ਦੇ ਤੌਰ 'ਤੇ 5 ਕਰੋੜ ਰੁਪਿਆਹ (ਇੰਡੋਨੇਸ਼ੀਆ ਦੀ ਕਰੰਸੀ) ਭਾਵ ਢਾਈ ਲੱਖ ਭਾਰਤੀ ਰੁਪਏ ਦਾ ਭੁਗਤਾਨ ਕਰਨਾ ਪਵੇਗਾ।
ਇਕ ਖਾਸ ਗੱਲ ਇਹ ਹੈ ਕਿ ਬਨੈਣ ਪਾ ਕੇ ਘਰ ਤੋਂ ਬਾਹਰ ਨਿਕਲਣ ਦੀ ਰੋਕ ਰਹੇਗੀ। ਲੋਕਾਂ ਨੂੰ ਵੱਡੀ ਗਿਣਤੀ ਵਿਚ ਇਕੱਠੇ ਹੋਣ ਦਾ ਵੀ ਜੁਰਮਾਨਾ ਲੱਗੇਗਾ ਇਸ ਦੇ ਨਾਲ ਹੀ ਜਨਤਕ ਸਥਾਨਾਂ ਜਾਂ ਟਾਇਲਟ ਸਾਫ ਕਰਨ ਦੀ ਵੀ ਸਜ਼ਾ ਮਿਲੇਗੀ। ਇਸ ਦੌਰਾਨ ਅਜਿਹੇ ਵਿਅਕਤੀ ਦੇ ਕੱਪੜਿਆਂ ਉੱਤੇ ਨਿਯਮ ਤੋੜਨ ਵਾਲਾ ਲੇਬਲ ਵੀ ਲਗਾਇਆ ਜਾਵੇਗਾ। ਪਿਛਲੇ ਮਹੀਨੇ ਰਾਜਧਾਨੀ ਜਕਾਰਤਾ ਵਿਚ ਲਾਕਡਾਊਨ ਘੱਟ ਸੀ। ਹਾਲਾਂਕਿ ਮਾਹਿਰਾਂ ਨੇ ਵਾਇਰਸ ਫੈਲਣ ਦੀ ਚਿਤਾਵਨੀ ਦਿੱਤੀ ਸੀ।