ਰਿਸਰਚ : ਕੋਰੋਨਾ ਵਾਇਰਸ ਨਾਲ ਕਿਸ ਬਲੱਡ ਗਰੁੱਪ ਦੇ ਲੋਕਾਂ ਨੂੰ ਜ਼ਿਆਦਾ ਖਤਰਾ

03/19/2020 8:05:22 AM

ਬੀਜਿੰਗ—ਚੀਨ ਦੇ ਹੁਬੇਈ ਸੂਬੇ ਜਿਨਇੰਤਾਨ ਹਸਪਤਾਲ ਦੇ ਸੋਧਕਾਰਾਂ ਨੇ ਨਵਾਂ ਖੁਲਾਸਾ ਕੀਤਾ ਹੈ ਕਿ ਕੋਰੋਨਾ ਵਾਇਰਸ ਕਿਸ ਬਲੱਡ ਗਰੁੱਪ ਦੇ ਇਨਸਾਨਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ ਹੈ। ਇਸ ਸੋਧ 'ਚ ਸਾਹਮਣੇ ਆਇਆ ਹੈ ਕਿ ਬਲੱਡ ਗਰੁੱਪ 'ਏ' ਕੋਰੋਨਾ ਵਾਇਰਸ ਕਾਰਨ ਜਲਦੀ ਪ੍ਰਭਾਵਿਤ ਹੋ ਸਕਦਾ ਹੈ ਸਗੋਂ ਬਲੱਡ ਗਰੁੱਪ 'ਓ' ਨੂੰ ਪ੍ਰਭਾਵਿਤ ਹੋਣ 'ਚ ਥੋੜਾ ਵਧ ਸਮਾਂ ਲੱਗਦਾ ਹੈ।
ਚੀਨੀ ਵਿਗਿਆਨੀਆਂ ਨੇ ਇਹ ਅਧਿਐਨ ਵੂਹਾਨ 'ਚ ਕੀਤਾ ਹੈ। ਵੂਹਾਨ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਹੈ। ਉੱਥੋਂ ਹੀ ਪੂਰੀ ਦੁਨੀਆ 'ਚ ਕੋਵਿਡ-19 ਵਾਇਰਸ ਫੈਲਿਆ ਹੋਇਆ ਹੈ। ਇਹ ਖਬਰ ਬ੍ਰਿਟਿਸ਼ ਅਖਬਾਰ ਡੇਲੀ ਮੇਲ ਨੇ ਪ੍ਰਕਾਸ਼ਿਤ ਕੀਤੀ ਹੈ। ਵੂਹਾਨ 'ਚ ਵਿਗਿਆਨੀਆਂ ਨੇ ਕੋਰੋਨਾ ਵਾਇਰਸ ਨਾਲ ਪੀੜਤ 2,173 ਲੋਕਾਂ 'ਤੇ ਅਧਿਐਨ ਕੀਤਾ। ਇਨ੍ਹਾਂ 'ਚ 206 ਲੋਕਾਂ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋਈ ਸੀ। ਇਹ ਲੋਕ ਹੁਬੇਈ ਸੂਬੇ ਦੇ ਤਿੰਨ ਹਸਪਤਾਲਾਂ 'ਚ ਭਰਤੀ ਸਨ।

ਕੋਰੋਨਾ ਵਾਇਰਸ ਕਾਰਨ ਮਾਰੇ ਗਏ 206 ਲੋਕਾਂ 'ਚੋਂ 85 ਲੋਕਾਂ ਦਾ ਬਲੱਡ ਗਰੁੱਪ 'ਏ' ਸੀ ਭਾਵ ਤਕਰੀਬਨ 41 ਫੀਸਦੀ ਜਦਕਿ 52 ਲੋਕਾਂ ਦਾ ਬਲੱਡ ਗਰੁੱਪ 'ਓ' ਸੀ ਭਾਵ 25 ਫੀਸਦੀ। ਇਸ ਅਧਿਐਨ 'ਚ ਸ਼ਾਮਲ ਕੀਤੇ ਗਏ ਸਾਰੇ ਲੋਕਾਂ 'ਚ ਬਲੱਡ ਗਰੁੱਪ 'ਏ' ਦੇ 38 ਫੀਸਦੀ ਲੋਕ ਵਾਇਰਸ ਪੀੜਤ ਹੋਏ ਸਨ, ਜਦਕਿ ਬਲੱਡ ਗਰੁੱਪ 'ਓ' ਦੇ ਸਿਰਫ 26 ਫੀਸਦੀ ਲੋਕ ਹੀ ਇਸ ਕੋਰੋਨਾ ਨਾਲ ਪ੍ਰਭਾਵਿਤ ਸਨ।

ਸੋਧਕਾਰਾਂ ਨੇ ਆਪਣੀ ਸੋਧ ਦੇ ਨਤੀਜੇ 'ਚ ਇਹ ਕੱਢਿਆ ਕਿ ਬਲੱਡ ਗਰੁੱਪ 'ਓ' ਦੇ ਕੋਰੋਨਾ ਵਾਇਰਸ ਨਾਲ ਮਰਨ ਦਾ ਖਦਸ਼ਾ ਬਾਕੀ ਬਲੱਡ ਗਰੁੱਪ ਨਾਲੋਂ ਘੱਟ ਹੈ। ਅਜੇ ਇਸ ਰਿਸਰਚ ਦਾ ਰੀਵਿਊ ਨਹੀਂ ਹੋਇਆ ਪਰ ਚੀਨ ਤਿਆਨਜੀਨ ਸਥਿਤ ਸਟੇਟ ਦੀ 'ਲੈਬੋਰੇਟਰੀ ਆਫ ਐਕਸਪੈਰੀਮੈਂਟਲ ਹੀਮੈਟੋਲਾਜੀ' ਦੇ ਵਿਗਿਆਨੀ ਗਾਓ ਯਿੰਗਦਾਈ ਨੇ ਕਿਹਾ ਕਿ ਇਹ ਰਿਸਰਚ ਇਸ ਬੀਮਾਰੀ ਦਾ ਇਲਾਜ ਲੱਭਣ 'ਚ ਮਦਦ ਕਰੇਗੀ। ਗਾਓ ਨੇ ਕਿਹਾ ਕਿ ਜੇਕਰ ਤੁਹਾਡਾ ਬਲੱਡ ਗਰੁੱਪ ਏ ਹੈ ਤਾਂ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ 100 ਫੀਸਦੀ ਕੋਰੋਨਾ ਨਾਲ ਪੀੜਤ ਹੀ ਹੋ ਜਾਵੋਗੇ। ਬਲੱਡ ਗਰੁੱਪ 'ਓ' ਵਾਲੇ ਵੀ ਲਾਪਰਵਾਹੀ ਨਾ ਵਰਤਣ। ਮਾਹਿਰਾਂ ਦਾ ਕਹਿਣਾ ਹੈ ਕਿ ਜਿੰਨੇ ਜ਼ਿਆਦਾ ਲੋਕਾਂ 'ਤੇ ਅਧਿਐਨ ਕੀਤਾ ਜਾਵੇਗਾ ਓਨਾ ਹੀ ਵਧੀਆ ਹੋਵੇਗਾ।


Related News