ਈਰਾਨ ਦੀ ਉਪ ਰਾਸ਼ਟਰਪਤੀ ਨੂੰ ਹੋਇਆ ਕੋਰੋਨਾਵਾਇਰਸ, ਦੇਸ਼ 'ਚ ਹੁਣ ਤੱਕ 26 ਮੌਤਾਂ
Thursday, Feb 27, 2020 - 10:12 PM (IST)

ਤਹਿਰਾਨ - ਈਰਾਨ ਦੀ ਉਪ ਰਾਸ਼ਟਰਪਤੀ ਮਾਸੂਮੇਹ ਐਬਤੇਕਾਰ ਨੂੰ ਕੋਰੋਨਾਵਾਇਰਸ ਇੰਫੈਕਸ਼ਨ ਨਾਲ ਪੀਡ਼ਤ ਪਾਇਆ ਗਿਆ ਹੈ। ਇਸ ਦੇ ਨਾਲ ਹੀ ਇਸ ਪੱਛਮੀ ਏਸ਼ੀਆਈ ਦੇਸ਼ ਵਿਚ ਕੋਰੋਨਾਵਾਇਰਸ ਕਾਰਨ ਪ੍ਰਭਾਵਿਤ ਲੋਕਾਂ ਦੀ ਗਿਣਤੀ 245 ਹੋ ਗਈ ਹੈ। ਹੁਣ ਤੱਕ ਈਰਾਨ ਵਿਚ ਇਸ ਵਾਇਰਸ ਨਾਲ 26 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਹਡ਼ੀ ਕਿ ਚੀਨ ਤੋਂ ਬਾਹਰ ਹੋਈਆਂ ਮੌਤਾਂ ਵਿਚ ਸਭ ਤੋਂ ਜ਼ਿਆਦਾ ਹੈ। ਦੱਸ ਦਈਏ ਕਿ ਐਬਤੇਕਾਰ ਈਰਾਨ ਦੀ ਮਹਿਲਾ ਅਤੇ ਪਰਿਵਾਰ ਮਾਮਲਿਆਂ ਦੀ ਉਪ ਰਾਸ਼ਟਰਪਤੀ ਹੈ। ਈਰਾਨ ਦੇ ਸਿਹਤ ਮੰਤਰਾਲੇ ਦੇ ਬੁਲਾਰੇ ਕਿਨੋਸ਼ ਜਹਾਂਪੌਰ ਨੇ ਵੀਰਵਾਰ ਨੂੰ ਵਾਇਰਸ ਨਾਲ ਪੀਡ਼ਤ ਲੋਕਾਂ ਦਾ ਡਾਟਾ ਦਿੱਤਾ ਅਤੇ ਦੱਸਿਆ ਕਿ ਜਾਂਚ ਵਿਭਾਗ ਵਿਚ ਜਾਂਚ ਤੋਂ ਬਾਅਦ ਲੋਕਾਂ ਦੀ ਗਿਣਤੀ ਵਧ ਸਕਦੀ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਈਰਾਨ ਦੇ ਉਪ ਸਿਹਤ ਮੰਤਰੀ ਨੂੰ ਕੋਰੋਨਾਵਾਇਰਸ ਤੋਂ ਪੀਡ਼ਤ ਪਾਇਆ ਗਿਆ ਸੀ। ਸਿਹਤ ਮੰਤਰੀ ਦੇ ਮੀਡੀਆ ਸਲਾਹਕਾਰ ਅਲੀਰਜ਼ਾ ਵਹਾਬਜਾਦੇਹ ਨੇ ਟਵੀਟ ਕਰ ਜਾਣਕਾਰੀ ਦਿੱਤੀ ਸੀ ਕਿ ਉਪ ਸਿਹਤ ਮੰਤਰੀ ਇਰਾਜ਼ ਹਰੀਚੀ ਦੀ ਕੋਰੋਨਾਵਾਇਰਸ ਦੀ ਰਿਪੋਰਟ ਸਕਰਾਤਮਕ ਪਾਈ ਗਈ ਹੈ। ਕੋਰੋਨਾਵਾਇਰਸ ਦੇ ਵੱਧਦੇ ਕਹਿਰ ਵਿਚਾਲੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਆਖਿਆ ਕਿ ਅਜੇ ਸ਼ਹਿਰਾਂ ਨੂੰ ਬੰਦ ਕਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਈਰਾਨ ਵਿਚ ਵਾਇਰਸ 'ਤੇ ਕੰਟੋਰਲ ਪਾਉਣ ਵਿਚ 2-3 ਹਫਤੇ ਲੱਗ ਸਕਦੇ ਹਨ। ਇਸ ਵਿਚਾਲੇ ਇਰਾਕ ਦੇ ਸਿਹਤ ਮੰਤਰਾਲੇ ਨੇ ਵੀਰਵਾਰ ਨੂੰ ਰਾਜਧਾਨੀ ਬਗਦਾਦ ਵਿਚ ਕੋਰੋਨਾਵਾਇਰਸ ਦੇ ਪਹਿਲੇ ਮਾਮਲੇ ਦਾ ਐਲਾਨ ਕੀਤਾ ਹੈ, ਜਿਸ ਨਾਲ ਦੇਸ਼ ਵਿਚ ਵਾਇਰਸ ਤੋਂ ਪੀਡ਼ਤ ਮਾਮਲਿਆਂ ਦੀ ਗਿਣਤੀ 6 ਹੋ ਗਈ ਹੈ। ਇਨ੍ਹਾਂ ਸਾਰਿਆਂ ਦਾ ਸਬੰਧ ਈਰਾਨ ਨਾਲ ਹੈ।