ਕੋਵਿਡ-19 ਦੇ ਮਰੀਜ਼ਾਂ ਨੂੰ ਬਚਾਉਣ 'ਚ ਕਾਰਗਰ ਹੋ ਸਕਦੀ ਹੈ ਇਹ ਦਵਾਈ

06/16/2020 9:07:38 PM

ਲੰਡਨ (ਏਪੀ): ਇੰਗਲੈਂਡ ਵਿਚ ਖੋਜਕਾਰਾਂ ਦਾ ਕਹਿਣਾ ਹੈ ਕਿ ਪਹਿਲਾ ਅਜਿਹਾ ਸਬੂਤ ਮਿਲਿਆ ਹੈ ਕਿ ਇਕ ਦਵਾਈ ਕੋਵਿਡ-19 ਦੇ ਮਰੀਜ਼ਾਂ ਨੂੰ ਬਚਾਉਣ ਵਿਚ ਕਾਰਗਰ ਹੋ ਸਕਦੀ ਹੈ। ਡੈਕਸਾਮੇਥਾਸੋਨ ਨਾਂ ਦੀ ਸਟੇਰਾਈਡ ਦੀ ਵਰਤੋਂ ਨਾਲ ਗੰਭੀਰ ਰੂਪ ਨਾਲ ਬੀਮਾਰ ਮਰੀਜ਼ਾਂ ਦੀ ਮੌਤ ਦਰ ਇਕ ਤਿਹਾਈ ਤੱਕ ਘੱਟ ਗਈ।

ਮੰਗਲਵਾਰ ਨੂੰ ਨਤੀਜਿਆਂ ਦਾ ਐਲਾਨ ਕੀਤਾ ਗਿਆ ਤੇ ਜਲਦੀ ਹੀ ਅਧਿਐਨ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ। ਅਧਿਐਨ ਮੁਤਾਬਕ ਸਖਤੀ ਨਾਲ ਜਾਂਚ ਕਰਨ ਤੇ ਰਸਮੀ ਤੌਰ 'ਤੇ 2104 ਮਰੀਜ਼ਾਂ ਨੂੰ ਦਵਾਈ ਦਿੱਤੀ ਗਈ ਤੇ ਉਨ੍ਹਾਂ ਦੀ ਤੁਲਨਾ 4321 ਮਰੀਜ਼ਾਂ ਨਾਲ ਕੀਤੀ ਗਈ, ਜਿਨ੍ਹਾਂ ਦੀ ਆਮ ਤਰੀਕੇ ਨਾਲ ਦੇਖਭਾਲ ਹੋ ਰਹੀ ਸੀ। ਦਵਾਈ ਦੀ ਵਰਤੋਂ ਤੋਂ ਬਾਅਦ ਸਾਹ ਸਬੰਧੀ ਮਸ਼ੀਨਾਂ ਨਾਲ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਮੌਤ ਦਰ 35 ਫੀਸਦੀ ਤੱਕ ਘੱਟ ਗਈ। ਜਿਨ੍ਹਾਂ ਲੋਕਾਂ ਨੂੰ ਆਕਸੀਜਨ ਦੀ ਸਹਾਇਤਾ ਦਿੱਤੀ ਜਾ ਰਹੀ ਸੀ ਉਨ੍ਹਾਂ ਵਿਚ ਵੀ ਮੌਤ ਦਰ 20 ਫੀਸਦੀ ਘੱਟ ਹੋ ਗਈ।

ਆਕਸਫੋਰਡ ਯੂਨੀਵਰਸਿਟੀ ਦੇ ਖੋਜਕਾਰ ਪੀਟਰ ਹੋਰਬੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਬਹੁਤ ਹੀ ਉਤਸ਼ਾਹਜਨਕ ਨਤੀਜੇ ਹਨ। ਉਨ੍ਹਾਂ ਨੇ ਕਿਹਾ ਕਿ ਮੌਤ ਦਰ ਘੱਟ ਕਰਨ ਵਿਚ ਤੇ ਆਕਸੀਜਨ ਦੀ ਮਦਦ ਵਾਲੇ ਮਰੀਜ਼ਾਂ ਵਿਚ ਸਾਫ ਤੌਰ 'ਤੇ ਇਸ ਦਾ ਫਾਇਦਾ ਹੋਇਆ ਹੈ। ਇਸ ਲਈ ਅਜਿਹੇ ਮਰੀਜ਼ਾਂ ਵਿਚ ਡੈਕਸਾਮੇਥਾਸੋਨ ਦੀ ਵਰਤੋਂ ਹੋਣੀ ਚਾਹੀਦੀ ਹੈ। ਡੈਕਸਾਮੇਥਾਸੋਨ ਦਵਾਈ ਮਹਿੰਗੀ ਵੀ ਨਹੀਂ ਹੈ ਤੇ ਦੁਨੀਆ ਭਰ ਵਿਚ ਜਾਨ ਬਚਾਉਣ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਹਾਲ ਹੀ ਵਿਚ ਇਸੇ ਅਧਿਐਨ ਵਿਚ ਕਿਹਾ ਗਿਆ ਸੀ ਕਿ ਮਲੇਰੀਆ ਦੇ ਇਲਾਜ ਵਿਚ ਵਰਤੋਂ ਹੋਣ ਵਾਲੀ ਦਵਾਈ ਹਾਈਡ੍ਰੇਕਸੀਕਲੋਰੋਕਵੀਨ ਕੋਰੋਨਾ ਵਾਇਰਸ ਦੇ ਇਲਾਜ ਵਿਚ ਉਪਯੋਗੀ ਨਹੀਂ ਹੈ। ਅਧਿਐਨ ਤਹਿਤ ਇੰਗਲੈਂਗ, ਸਕਾਟਲੈਂਡ, ਵੇਲਸ ਤੇ ਉੱਤਰੀ ਆਇਰਲੈਂਡ ਵਿਚ 11,000 ਤੋਂ ਵਧੇਰੇ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ।


Baljit Singh

Content Editor

Related News