ਕੋਰੋਨਾਵਾਇਰਸ ਕਾਰਨ ਪ੍ਰਭਾਵਿਤ ਹੋ ਸਕਦੀ ਹੈ ਦੁਨੀਆ ਦੀ ਦੋ-ਤਿਹਾਈ ਆਬਾਦੀ!

2/14/2020 3:29:41 PM

ਬੀਜਿੰਗ- ਚੀਨ ਵਿਚ ਫੈਲਿਆ ਕੋਰੋਨਾਵਾਇਰਸ ਵਿਸ਼ਵ ਦੀ ਦੋ-ਤਿਹਾਈ ਆਬਾਦੀ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਵਿਸ਼ਵ ਸਿਹਤ ਸੰਗਠਨ ਦੇ ਸਲਾਹਕਾਰ ਨੇ ਨਵੇਂ ਕੋਰੋਨਾਵਾਇਰਸ ਦੇ ਫੈਲਾਅ 'ਤੇ ਨਜ਼ਰ ਰੱਖਣ ਵਾਲੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਦੁਨੀਆ ਦੀ ਦੋ-ਤਿਹਾਈ ਆਬਾਦੀ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਹੋ ਸਕਦੀ ਹੈ। ਵੀਰਵਾਰ ਤੱਕ ਵੁਹਾਨ ਵਿਚ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 65,213 ਤੱਕ ਪਹੁੰਚ ਗਈ ਸੀ ਜਦਕਿ ਮਰਨ ਵਾਲਿਆਂ ਦੀ ਗਿਣਤੀ 1486 ਤੱਕ ਪਹੁੰਚ ਗਈ ਹੈ। 

ਬਲੂਮਬਰਗ ਤੇ ਸਪੂਤਨਿਕ ਦੀ ਰਿਪੋਰਟ ਮੁਤਾਬਕ ਜਿਸ ਤਰ੍ਹਾਂ ਨਾਲ ਹੁਣ ਦੁਨੀਆ ਦੇ ਬਾਕੀ ਦੇਸ਼ਾਂ ਵਿਚ ਕੋਰੋਨਾਵਾਇਰਸ ਦੇ ਮਰੀਜ਼ ਪਾਏ ਜਾ ਰਹੇ ਹਨ, ਉਸ ਨਾਲ ਇਹੀ ਲੱਗ ਰਿਹਾ ਹੈ ਕਿ ਇਹ ਦੁਨੀਆ ਦੀ ਦੋ-ਤਿਹਾਈ ਆਬਾਦੀ ਨੂੰ ਆਪਣੀ ਲਪੇਟ ਵਿਚ ਲੈ ਲਵੇਗਾ। ਅਜੇ ਤੱਕ ਇਸ ਦਾ ਕੇਂਦਰ ਸਿਰਫ ਵੁਹਾਨ ਤੇ ਹੁਬੇਈ ਸੂਬਾ ਹੀ ਸਨ ਪਰ ਹੁਣ ਇਸ ਵਾਇਰਸ ਨਾਲ ਦੁਨੀਆ ਦੇ ਬਾਕੀ ਦੇਸ਼ਾਂ ਦੇ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ। ਕੁਝ ਦੇਸ਼ਾਂ ਵਿਚ ਤਾਂ ਇਸ ਵਾਇਰਸ ਦੇ ਸ਼ਿਕਾਰ ਮਰੀਜ਼ਾਂ ਦੀ ਮੌਤ ਵੀ ਹੋ ਚੁੱਕੀ ਹੈ, ਜਿਸ ਨਾਲ ਉਥੇ ਵੀ ਸਥਿਤੀ ਗੰਭੀਰ ਹੋ ਰਹੀ ਹੈ।

ਫਲੋਰਿਡਾ ਯੂਨੀਵਰਸਿਟੀ ਵਿਚ ਇਕ ਚੋਟੀ ਦੇ ਵਿਗਿਆਨੀ ਤੇ ਸੈਂਟਰ ਫਾਰ ਸਟੈਟਿਸਟਿਕਸ ਇੰਫੈਕਸ਼ਨ ਡਿਜ਼ੀਸ ਦੇ ਸਹਿ-ਨਿਰਦੇਸ਼ਕ ਇਰਾ ਲੋਂਗਿਨੀ ਨੇ ਸੁਝਾਅ ਦਿੱਤਾ ਕਿ ਚੀਨ ਦੀਆਂ ਸਖਤ ਕਾਰਵਾਈਆਂ ਦੇ ਰਾਹੀਂ ਬੀਮਾਰੀ ਦੇ ਪ੍ਰਸਾਰ ਨੂੰ ਧੀਮਾ ਕੀਤਾ ਜਾ ਰਿਹਾ ਹੈ। ਰਿਸਰਚਰਾਂ ਨੇ ਕਿਹਾ ਕਿ ਵੁਹਾਨ ਦਾ ਕੋਰੋਨਾਵਾਇਰਸ ਪੂਰੇ ਚੀਨ ਤੇ ਉਸ ਤੋਂ ਬਾਹਰ ਵੀ ਪਹੁੰਚ ਚੁੱਕਾ ਹੈ, ਇਸ ਨਾਲ ਸਥਿਤੀ ਗੰਭੀਰ ਹੋ ਰਹੀ ਹੈ। ਇਰਾ ਲੋਂਗਿਨੀ ਮੁਤਾਬਕ ਇਹ ਦਰਸਾਉਂਦਾ ਹੈ ਕਿ ਜੇਕਰ ਕਿਸੇ ਇਕ ਵਿਅਕਤੀ ਨੂੰ ਇਹ ਵਾਇਰਸ ਪ੍ਰਭਾਵਿਤ ਕਰਦਾ ਹੈ ਤਾਂ ਇਸ ਨਾਲ ਹੋਰਾਂ 2-3 ਨੂੰ ਵੀ ਵਾਇਰਸ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਸ ਨਾਲ ਇਹ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਸ ਵਾਇਰਸ ਨਾਲ ਅਰਬਾਂ ਲੋਕਾਂ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਵਿਗਿਆਨੀ ਨੇ ਦਾਅਵਾ ਕੀਤਾ ਕਿ ਚਾਹੇ ਹੀ ਇਕ ਵਾਇਰਸ ਨੂੰ ਰੋਕਣ ਵਿਚ 50 ਫੀਸਦੀ ਤੱਕ ਸਫਲਤਾ ਮਿਲ ਜਾਵੇ ਪਰ ਇਸ ਦੇ ਇੰਫੈਕਸ਼ਨ ਨੂੰ ਰੋਕਣ ਵਿਚ ਅਜੇ ਪੂਰੀ ਤਰ੍ਹਾਂ ਸਫਲਤਾ ਨਹੀਂ ਮਿਲੀ ਹੈ।

ਹਾਂਗਕਾਂਗ ਯੂਨੀਵਰਸਿਟੀ ਦੇ ਇਕ ਸਿਹਤ ਪ੍ਰੋਫੈਸਰ ਲੋਬ੍ਰਿਅਲ ਲੇਓਂਗ ਨੇ ਇਹ ਵੀ ਅੰਦਾਜ਼ਾ ਲਾਇਆ ਕਿ ਜੇਕਰ ਇਸ ਵਾਇਰਸ 'ਤੇ ਕੰਟਰੋਲ ਨਹੀਂ ਕੀਤਾ ਗਿਆ ਤਾਂ ਦੁਨੀਆ ਦੀ ਤਕਰੀਬਨ ਦੋ-ਤਿਹਾਈ ਆਬਾਦੀ ਇਸ ਨਾਲ ਜ਼ਰੂਰ ਪ੍ਰਭਾਵਿਤ ਹੋਵੇਗੀ। ਇਹ ਵਾਇਰਸ ਇੰਨੀ ਵੱਡੀ ਆਬਾਦੀ ਨੂੰ ਆਪਣੀ ਲਪੇਟ ਵਿਚ ਜ਼ਰੂਰ ਲੈ ਲਵੇਗਾ।


Baljit Singh

Edited By Baljit Singh