100 ਸਾਲਾ ਬਜ਼ੁਰਗ ਨੇ ਜ਼ਿੰਦਗੀ ਬਚਾਉਣ ਵਾਲੇ ਡਾਕਟਰਾਂ ਲਈ ਇਕੱਠੇ ਕੀਤੇ 9 ਮਿਲੀਅਨ ਪੌਂਡ
Thursday, Apr 16, 2020 - 09:12 AM (IST)
ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਸਮਾਜ ਦਾ ਬੁਰਾ ਲੋਚਣ ਵਾਲਿਆਂ ਦੀ ਵੀ ਥੋੜ ਨਹੀਂ ਹੈ ਪਰ ਸਮਾਜ ਦੀ ਬਿਹਤਰੀ ਲਈ ਯਤਨਸ਼ੀਲ ਲੋਕਾਂ ਦਾ ਵੀ ਕਾਲ ਨਹੀਂ ਪਿਆ। ਕਈ ਵਾਰ ਅਜਿਹੇ ਕਾਰਜ ਬਜ਼ੁਰਗ ਵੀ ਕਰ ਜਾਂਦੇ ਹਨ, ਜਿਹੜੇ ਨੌਜਵਾਨ ਵੀ ਨਹੀਂ ਕਰ ਸਕਦੇ। ਬੈਡਫੋਰਡਸ਼ਾਇਰ ਦੇ ਪਿੰਡ ਮਾਰਸਟਨ ਵਸਦੇ ਟੌਮ ਮੂਰ ਨੇ 30 ਅਪ੍ਰੈਲ ਨੂੰ ਆਪਣਾ 100 ਵਾਂ ਜਨਮਦਿਨ ਮਨਾਇਆ। ਜਨਮਦਿਨ ਨੂੰ ਯਾਦਗਾਰ ਬਣਾਉਣ ਲਈ ਉਸ ਨੇ ਆਪਣੇ ਘਰ ਦੀ ਬਗੀਚੀ ਦੀ 25 ਮੀਟਰ ਲੰਬਾਈ ਨੂੰ 100 ਵਾਰ ਤੁਰ ਕੇ ਸਰ ਕਰਨ ਦਾ ਟੀਚਾ ਮਿਥਿਆ। ਇਸ ਤਰ੍ਹਾਂ ਉਸ ਨੇ ਚੈਰਿਟੀ ਇਕੱਠੀ ਕੀਤੀ ਤਾਂ ਕਿ ਉਸ ਦੀ ਜਾਨ ਬਚਾਉਣ ਵਾਲੇ ਸਿਹਤ ਕਾਮਿਆਂ ਨੂੰ ਉਹ ਦਾਨ ਕਰ ਸਕੇ।
ਰਾਸ਼ਟਰੀ ਸਿਹਤ ਸੇਵਾਵਾਂ ਨੂੰ ਪੈਸੇ ਦਾਨ ਕਰਨ ਲਈ ਉਸ ਨੇ ਇੰਟਰਨੈੱਟ ਰਾਹੀਂ 1000 ਪੌਂਡ ਇਕੱਠੇ ਕਰਨ ਦਾ ਟੀਚਾ ਮਿਥਿਆ ਸੀ ਪਰ ਹੈਰਾਨੀ ਦੀ ਗੱਲ ਇਹ ਰਹੀ ਕਿ ਉਸ ਕੋਲ ਪੌਂਡਾਂ ਦੇ ਅੰਬਾਰ ਲੱਗ ਗਏ। ਪਹਿਲੇ ਦਿਨ ਉਸ ਨੂੰ ਜ਼ਬਰਦਸਤ ਹੁੰਗਾਰਾ ਮਿਲਣ ਤੋਂ ਬਾਅਦ ਬੁੱਧਵਾਰ ਰਾਤ ਤੱਕ 9 ਮਿਲੀਅਨ ਪੌਂਡ ਦੀ ਚੈਰਿਟੀ ਰਾਸ਼ੀ ਉਹ ਇਕੱਠੀ ਕਰ ਚੁੱਕਾ ਸੀ।
ਰਾਸ਼ਟਰੀ ਸਿਹਤ ਸੇਵਾਵਾਂ (ਐੱਨ. ਐੱਚ. ਐੱਸ.) ਲਈ ਰਾਸ਼ੀ ਇਕੱਠੀ ਕਰਨ ਦੀ ਵਜ੍ਹਾ ਇਹ ਸੀ ਕਿ ਉਹ ਕਈ ਵਰ੍ਹੇ ਪਹਿਲਾਂ ਖੁਦ ਚਮੜੀ ਦੇ ਕੈਂਸਰ ਤੋਂ ਪੀੜਤ ਹੋ ਗਿਆ ਸੀ ਪਰ ਆਪਣੇ ਜਿਉਂਦੇ ਹੋਣ ਪਿੱਛੇ ਉਹ ਸਿਹਤ ਕਾਮਿਆਂ ਦਾ ਵੱਡਾ ਹੱਥ ਮੰਨਦਾ ਹੈ। ਟੌਮ ਮੂਰ ਸਾਬਕਾ ਸਿਵਲ ਇੰਜੀਨੀਅਰ ਹੈ। ਦੂਜੀ ਵਿਸ਼ਵ ਜੰਗ ਮੌਕੇ ਉਹ 145 ਰੇਜੀਮੈਂਟ ਰਾਇਲ ਆਰਮਡ ਕਾਰਪਸ ਵਿਚ ਭਰਤੀ ਹੋਇਆ ਸੀ। ਉਹ ਭਾਰਤ ਅਤੇ ਬਰ੍ਹਮਾ ਵਿੱਚ ਵੀ ਸੇਵਾਵਾਂ ਨਿਭਾ ਚੁੱਕਾ ਹੈ। ਖ਼ਬਰ ਲਿਖੇ ਜਾਣ ਤੱਕ ਬਜ਼ੁਰਗ ਨੂੰ 9 ਮਿਲੀਅਨ ਤੋਂ ਵੀ ਵੱਧ ਰਾਸ਼ੀ ਮਿਲ ਚੁੱਕੀ ਹੈ।