ਕੋਰੋਨਾ ਸੰਕਟ ਦੌਰਾਨ ਬੈਲਜੀਅਮ ਦੇ ਰਿਹੈ ਵਧੇਰੇ ਫ੍ਰੈਂਚ ਫ੍ਰਾਈਜ਼ ਖਾਣ ਦੀ ਸਲਾਹ, ਇਹ ਹੈ ਕਾਰਨ

Wednesday, Apr 29, 2020 - 12:44 PM (IST)

ਕੋਰੋਨਾ ਸੰਕਟ ਦੌਰਾਨ ਬੈਲਜੀਅਮ ਦੇ ਰਿਹੈ ਵਧੇਰੇ ਫ੍ਰੈਂਚ ਫ੍ਰਾਈਜ਼ ਖਾਣ ਦੀ ਸਲਾਹ, ਇਹ ਹੈ ਕਾਰਨ

ਬਰਸਲਜ਼- ਬੈਲਜੀਅਮ ਵਿਚ ਕੋਰੋਨਾ ਵਾਇਰਸ ਮਹਾਮਾਰੀ ਵਿਚਕਾਰ ਆਮ ਜਨਤਾ ਨੂੰ ਜ਼ਿਆਦਾ ਤੋਂ ਜ਼ਿਆਦਾ ਫ੍ਰੈਂਚ ਫ੍ਰਾਈਜ਼ ਖਾਣ ਦੀ ਅਪੀਲ ਕੀਤੀ ਜਾ ਰਹੀ ਹੈ। ਆਮ ਜਨਤਾ ਨੂੰ ਇਹ ਕਿਹਾ ਜਾ ਰਿਹਾ ਹੈ ਕਿ ਲੋਕ ਹਫਤੇ ਵਿਚ ਘੱਟ ਤੋਂ ਘੱਟ ਦੋ ਵਾਰ ਆਲੂ ਦੇ ਬਣੇ ਪ੍ਰਾਡਕਟ ਜ਼ਰੂਰ ਖਾਣ। ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਆਲੂ ਦੇ ਚਿਪਸ ਜਾਂ ਫ੍ਰੈਂਚ ਫ੍ਰਾਈਜ਼ ਖਾਣ ਨਾਲ ਕੋਰੋਨਾ ਵਾਇਰਸ ਤੋਂ ਮੁਕਤੀ ਮਿਲ ਜਾਵੇਗੀ ਤਾਂ ਅਜਿਹਾ ਬਿਲਕੁਲ ਵੀ ਨਹੀਂ ਹੈ। ਅਸਲ ਵਿਚ, ਬੈਲਜੀਅਮ ਉਥੋਂ ਦੇ ਕਿਸਾਨਾਂ ਦੀ ਸਥਿਤੀ ਵਿਚ ਸੁਧਾਰ ਲਿਆਉਣ ਲਈ ਜਨਤਾ ਨੂੰ ਜ਼ਿਆਦਾ ਆਲੂ ਖਾਣ ਦੀ ਅਪੀਲ ਕਰ ਰਿਹਾ ਹੈ। ਬੈਲਜੀਅਮ ਵਿਚ ਆਲੂ ਉਤਪਾਦਕਾਂ ਨੂੰ ਕੋਰੋਨਾ ਵਾਇਰਸ ਕਾਰਨ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਆਲੂਆਂ ਦੀ ਬਰਾਮਦ ਪੂਰੀ ਤਰ੍ਹਾਂ ਰੁਕ ਗਈ ਹੈ।
ਇੱਥੇ ਆਲੂਆਂ ਦੀ ਪੈਦਾਵਾਰ ਬਹੁਤ ਜ਼ਿਆਦਾ ਮਾਤਰਾ ਵਿਚ ਹੁੰਦੀ ਹੈ। ਇਨ੍ਹੀਂ ਦਿਨੀਂ ਗੋਦਾਮਾਂ ਵਿਚ ਲਗਭਗ 7,50,000 ਟਨ ਆਲੂ ਭਰੇ ਹੋਏ ਹਨ। ਕੋਰੋਨਾ ਵਾਇਰਸ ਕਾਰਨ ਲਾਕਡਾਊਨ ਲੱਗਾ ਹੈ ਤੇ ਆਮ ਲੋਕ ਘਰਾਂ ਵਿਚ ਕੈਦ ਹਨ ਅਤੇ ਕੌਮਾਂਤਰੀ ਸਰਹੱਦਾਂ ਦੇ ਬੰਦ ਹੋਣ ਕਾਰਨ ਬਰਾਮਦ ਵੀ ਬੰਦ ਹੈ। ਆਲੂ ਵਪਾਰੀਆਂ ਦੀ ਐਸੋਸੀਏਸ਼ਨ ਦੇ ਸੱਕਤਰ-ਜਨਰਲ ਰੋਮੇਨ ਕੂਲਸ ਦਾ ਕਹਿਣਾ ਹੈ ਕਿ ਪੈਦਾਵਾਰ ਵਧੇਰੇ ਹੈ, ਅਜਿਹੇ ਵਿਚ ਜੇਕਰ ਖਪਤ ਨਾ ਕੀਤੀ ਗਈ ਤਾਂ ਕਿਸਾਨਾਂ ਨੂੰ ਲਾਕਡਾਊਨ ਕਾਰਨ ਬਹੁਤ ਨੁਕਸਾਨ ਝੱਲਣਾ ਪੈ ਸਕਦਾ ਹੈ। ਅਜਿਹੇ ਵਿਚ ਐਸੋਸੀਏਸ਼ਨ ਨੇ ਕਿਸਾਨਾਂ ਦੀ ਭਲਾਈ ਲਈ ਦੋ ਵਾਰ ਆਲੂ ਖਾਣ ਦੀ ਅਪੀਲ ਕੀਤੀ ਹੈ। ਇਸ ਨਾਲ ਕਿਸਾਨਾਂ ਨੂੰ ਬਹੁਤ ਮਦਦ ਹੋਵੇਗੀ।

ਅਸਲ ਵਿਚ ਬੈਲਜੀਅਮ ਵਿਚ ਲੋਕ ਹਫ਼ਤੇ ਵਿਚ ਸਿਰਫ ਇਕ ਵਾਰ ਫ੍ਰੈਂਚ ਫ੍ਰਾਈਜ਼ ਖਾਂਦੇ ਹਨ। ਇਸ ਤੋਂ ਇਲਾਵਾ, ਕਿਸੇ ਵਿਸ਼ੇਸ਼ ਮੌਕੇ ਜਾਂ ਤਿਉਹਾਰ 'ਤੇ ਫ੍ਰੈਂਚ ਫ੍ਰਾਈਜ਼ ਬਣਾਉਣ ਦਾ ਰਿਵਾਜ਼ ਹੈ। ਜੇ ਆਮ ਜਨਤਾ ਹਫ਼ਤੇ ਵਿਚ ਦੋ ਵਾਰ ਫ੍ਰੈਂਚ ਫ੍ਰਾਈਜ਼ ਖਾਂਦੀ ਹੈ, ਤਾਂ ਆਲੂਆਂ ਦੀ ਖਪਤ ਪ੍ਰਤੀ ਹਫ਼ਤੇ ਵਿਚ ਦੁੱਗਣੀ ਹੋ ਜਾਵੇਗੀ। ਬੈਲਜੀਅਮ ਵਿਸ਼ਵ ਦੇ ਆਲੂ ਉਤਪਾਦਾਂ ਦੇ ਬਰਾਮਦਕਾਰਾਂ ਵਿਚੋਂ ਇਕ ਹੈ, ਜਿਸ ਵਿਚ ਫ੍ਰੋਜ਼ਨ ਚਿਪਸ ਵੀ ਸ਼ਾਮਲ ਹਨ। ਇੱਥੋਂ 100 ਤੋਂ ਜ਼ਿਆਦਾ ਦੇਸ਼ਾਂ ਨੂੰ ਹਰ ਸਾਲ ਲਗਭਗ 1.5 ਮੈਟ੍ਰਿਕ ਟਨ ਆਲੂ ਬਰਾਮਦ ਕੀਤਾ ਜਾਂਦਾ ਹੈ।


author

Lalita Mam

Content Editor

Related News