ਸਰਦੀਆਂ ''ਚ ਕੋਰੋਨਾ ਹੋਰ ਹੋਵੇਗਾ ਤੇਜ਼, ਅਮਰੀਕਾ ਦੀਆਂ ਵਧਣਗੀਆਂ ਮੁਸ਼ਕਲਾਂ

Monday, Oct 26, 2020 - 10:08 AM (IST)

ਸਰਦੀਆਂ ''ਚ ਕੋਰੋਨਾ ਹੋਰ ਹੋਵੇਗਾ ਤੇਜ਼, ਅਮਰੀਕਾ ਦੀਆਂ ਵਧਣਗੀਆਂ ਮੁਸ਼ਕਲਾਂ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕਾ ਵਿਚ ਹਰ ਰੋਜ਼ ਦੇ ਵੱਧਦੇ ਹੋਏ ਵਾਇਰਸ ਦੇ ਮਾਮਲਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਆਉਣ ਵਾਲੀਆਂ ਸਰਦੀਆਂ ਵਿਚ ਅਮਰੀਕਾ ਵਾਸੀਆਂ ਦੀ ਮੁਸ਼ਕਿਲ ਵੱਧ ਸਕਦੀ ਹੈ। ਸਯੁੰਕਤ ਰਾਜ ਨੇ ਸ਼ੁੱਕਰਵਾਰ ਨੂੰ ਨਵੇਂ ਕੋਰੋਨਾ ਵਾਇਰਸ ਦੇ ਮਾਮਲਿਆਂ ਰਿਕਾਰਡ ਤੋੜ ਰਿਪੋਰਟ ਕੀਤੀ ਹੈ ਜਿਸ ਕਰਕੇ ਸਿਹਤ ਮਾਹਰਾਂ ਨੇ ਚਿੰਤਾ ਪ੍ਰਗਟਾਈ ਹੈ।

ਜੌਹਨ ਹੌਪਿੰਕਸ ਯੂਨੀਵਰਸਿਟੀ ਰਾਹੀਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ ਦੇਸ਼ ਵਿਚ ਸ਼ੁੱਕਰਵਾਰ ਨੂੰ 83,700 ਤੋਂ ਵੱਧ ਨਵੇਂ ਕੋਵਿਡ-19 ਦੇ ਮਾਮਲੇ ਸਾਹਮਣੇ ਆਏ, ਜੋ 16 ਜੁਲਾਈ ਨੂੰ ਦਰਜ ਹੋਏ ਤਕਰੀਬਨ 77,300 ਮਾਮਲਿਆਂ ਨੂੰ ਪਾਰ ਕਰ ਗਏ ਹਨ। ਇਸ ਸੰਬੰਧੀ ਸੰਯੁਕਤ ਰਾਜ ਦੇ ਸਾਬਕਾ 'ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ' ਕਮਿਸ਼ਨਰ ਡਾ. ਸਕਾਟ ਗੌਟਲੀਏਬ ਨੇ ਸ਼ੁੱਕਰਵਾਰ ਸ਼ਾਮ ਨੂੰ ਕਿਹਾ ਕਿ "ਸਰਦੀਆਂ ਬਹੁਤ ਮੁਸ਼ਕਲ ਹੋਣ ਜਾ ਰਹੀਆਂ ਹਨ।” ਸ਼ੁੱਕਰਵਾਰ ਤੱਕ ਦੇਸ਼ ਦੇ 37 ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ 5 ਫੀਸਦੀ ਜਾਂ ਇਸ ਤੋਂ ਵੱਧ ਵਾਧਾ ਹੋਇਆ ਹੈ। ਕੈਲੀਫੋਰਨੀਆ ਅਤੇ ਅਲਾਬਮਾ ਵਰਗੇ ਕੁਝ ਸੂਬੇ ਜੋ ਕਿ ਵਾਇਰਸ ਦੇ ਟੈਸਟ ਵਿਚ ਪਿੱਛੇ ਹਨ, ਨੇ ਦੇਸ਼ ਦੇ ਨਵੇਂ ਮਾਮਲਿਆਂ ਵਿਚ ਵਾਧਾ ਕੀਤਾ ਹੈ।
ਬੀਮਾਰੀ ਕੰਟਰੋਲ ਅਤੇ ਰੋਕਥਾਮ ਕੇਂਦਰ ਦੇ ਡਿਪਟੀ ਡਾਇਰੈਕਟਰ ਜੇ ਬਟਲਰ ਅਨੁਸਾਰ ਸਰਦੀਆਂ ਵਿਚ ਬਾਹਰ ਮੌਸਮ ਠੰਢਾ ਹੋਣ ਕਰਕੇ ਜ਼ਿਆਦਾਤਰ ਘਰਾਂ ਵਿੱਚ ਹੀ ਇਕੱਠੇ ਹੋ ਕੇ ਕੰਮ ਕਰਦੇ ਹਨ ਜੋ ਕਿ ਵਾਇਰਸ ਨੂੰ ਫੈਲਣ ਵਿਚ ਮਦਦ ਕਰੇਗਾ। ਕਈ ਸੂਬਿਆਂ  ਦੇ ਮਾਮਲਿਆਂ ਵਿਚ ਵਾਧਾ ਲੋਕਾਂ ਨੂੰ ਹਸਪਤਾਲਾਂ ਵਿੱਚ ਦਾਖਲ ਹੋਣ ਵੱਲ ਲਿਜਾ ਰਿਹਾ ਹੈ ਅਤੇ ਆਖਰਕਾਰ ਇਹ ਵਧੇਰੇ ਮੌਤਾਂ ਦਾ ਕਾਰਨ ਬਣੇਗਾ। ਲਗਭਗ 13 ਸੂਬਿਆਂ ਵਿਚ ਸ਼ੁੱਕਰਵਾਰ ਨੂੰ ਹਫਤਾਵਰੀ ਔਸਤ ਦੇ ਆਧਾਰ 'ਤੇ ਹਸਪਤਾਲ ਵਿਚ ਦਾਖ਼ਲ ਹੋਏ ਲੋਕਾਂ ਦੇ ਅੰਕੜੇ ਵੀ ਜ਼ਿਆਦਾ ਹਨ। ਉਨ੍ਹਾਂ ਵਿੱਚੋਂ ਬਹੁਤ ਸਾਰੇ ਪੱਛਮ ਅਤੇ ਮਿਡਵੈਸਟ ਵਿਚ ਹਨ, ਜਿਨ੍ਹਾਂ ਵਿਚ ਆਇਓਵਾ, ਮੋਨਟਾਨਾ, ਨਾਰਥ ਡਕੋਟਾ, ਨੇਬਰਾਸਕਾ, ਓਹੀਓ, ਓਕਲਾਹੋਮਾ, ਵਿਸਕਾਨਸਿਨ ਅਤੇ ਵਿਯੋਮਿੰਗ ਆਦਿ ਸ਼ਾਮਲ ਹਨ।


author

Lalita Mam

Content Editor

Related News