ਮਲੇਸ਼ੀਆ ''ਚ ਤਿੰਨ ਵਿਅਕਤੀ ਕੋਰੋਨਾ ਵਾਇਰਸ ਨਾਲ ਪੀੜਤ

01/25/2020 12:52:32 PM

ਕੁਆਲੰਲਪੁਰ— ਮਲੇਸ਼ੀਆ ਦੇ ਸਿਹਤ ਮੰਤਰੀ ਜੁਲਕੀਫਲੀ ਅਹਿਮਦ ਨੇ ਮਲੇਸ਼ੀਆ 'ਚ ਕੋਰੋਨਾ ਵਾਇਰਸ ਨਾਲ 3 ਲੋਕਾਂ ਦੇ ਪੀੜਤ ਹੋਣ ਦੀ ਸ਼ਨੀਵਾਰ ਨੂੰ ਪੁਸ਼ਟੀ ਹੋਈ। ਮਲੇਸ਼ੀਆ ਦੀ ਨਿੱਜੀ ਅਖਬਾਰ ਮੁਤਾਬਕ ਦੇਸ਼ ਦੇ ਦੱਖਣੀ ਸ਼ਹਿਰ ਜੋਹਰ ਬਹਰੂ 'ਚ ਤਿੰਨ ਲੋਕਾਂ 'ਚ ਇਸ ਵਾਇਰਸ ਦੇ ਲੱਛਣ ਮਿਲੇ ਅਤੇ ਇਹ ਸਾਰੇ ਚੀਨ ਦੇ ਨਿਵਾਸੀ ਹਨ।

ਜਾਣਕਾਰੀ ਮੁਤਾਬਕ ਇਨ੍ਹਾਂ ਲੋਕਾਂ 'ਚ ਵਾਇਰਸ ਸਿੰਗਾਪੁਰ 'ਚ ਇਲਾਜ ਕਰਵਾ ਰਹੇ 66 ਸਾਲਾ ਇਕ ਮਰੀਜ ਦੇ ਸੰਪਰਕ 'ਚ ਆਉਣ ਦੇ ਬਾਅਦ ਆਇਆ ਹੈ। ਜ਼ਿਕਰਯੋਗ ਹੈ ਕਿ ਚੀਨ 'ਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਦਸੰਬਰ ਦੇ ਅਖੀਰ 'ਚ ਸਾਹਮਣੇ ਆਇਆ ਸੀ ਅਤੇ ਮੌਜੂਦਾ ਸਮੇਂ 'ਚ ਇਸ ਨੇ ਮਹਾਮਾਰੀ ਦਾ ਰੂਪ ਧਾਰਣ ਕਰ ਲਿਆ ਹੈ। ਚੀਨ ਦੇ ਰਾਸ਼ਟਰੀ ਸਿਹਤ ਵਿਭਾਗ ਮੁਤਾਬਕ ਚੀਨ 'ਚ 1,330 ਲੋਕ ਇਸ ਵਾਇਰਸ ਨਾਲ ਪੀੜਤ ਹਨ ਅਤੇ ਹੁਣ ਤਕ 41 ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ। ਚੀਨ ਦੇ ਇਲਾਵਾ ਹਾਂਗਕਾਂਗ, ਤਾਇਵਾਨ, ਥਾਈਲੈਂਡ, ਜਾਪਾਨ, ਵੀਅਤਨਾਮ, ਦੱਖਣੀ ਕੋਰੀਆ, ਸਿੰਗਾਪੁਰ, ਨੇਪਾਲ, ਫਰਾਂਸ, ਅਮਰੀਕਾ ਤੇ ਆਸਟ੍ਰੇਲੀਆ 'ਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ। ਓਧਰ ਵਿਸ਼ਵ ਸਿਹਤ ਸੰਗਠਨ ਨੇ ਵੀਰਵਾਰ ਨੂੰ ਕਿਹਾ ਕਿ ਇਸ ਵਾਇਰਸ ਨੂੰ ਲੈ ਕੇ ਵਿਸ਼ਵ ਐਮਰਜੈਂਸੀ ਘੋਸ਼ਿਤ ਕਰਨਾ ਅਜੇ ਜਲਦਬਾਜ਼ੀ ਹੋਵੇਗੀ।


Related News