ਕੈਨੇਡਾ ''ਚ ਕੋਰੋਨਾ ਵਾਇਰਸ ਦਾ ਕਹਿਰ, 3 ਲੱਖ ਦੇ ਕਰੀਬ ਪੁੱਜੀ ਪੀੜਤਾਂ ਦੀ ਗਿਣਤੀ

11/16/2020 12:19:17 PM

ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ 3 ਲੱਖ ਦੇ ਨੇੜੇ ਪੁੱਜ ਗਈ ਹੈ। ਸਿਹਤ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਰੂਰੀ ਹਿਦਾਇਤਾਂ ਦੀ ਪਾਲਣਾ ਕਰਨ ਕਿਉਂਕਿ ਕਈ ਥਾਵਾਂ 'ਤੇ ਸਥਿਤੀ ਬੇਕਾਬੂ ਹੁੰਦੀ ਜਾ ਰਹੀ ਹੈ। ਕੋਰੋਨਾ ਦਾ ਸਭ ਤੋਂ ਵੱਧ ਪ੍ਰਭਾਵ ਅਲਬਰਟਾ, ਓਂਟਾਰੀਓ ਅਤੇ ਕਿਊਬਿਕ ਵਿਚ ਦੇਖਣ ਨੂੰ ਮਿਲਿਆ ਹੈ। ਦੇਸ਼ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਭਗ 2 ਲੱਖ 96 ਹਜ਼ਾਰ ਤੋਂ ਵੱਧ ਹੋ ਗਈ ਹੈ। 

ਬੀਤੇ 24 ਘੰਟਿਆਂ ਦੌਰਾਨ ਅਲਬਰਟਾ ਵਿਚ ਕੋਰੋਨਾ ਦੇ 991 ਮਾਮਲੇ ਦਰਜ ਹੋਏ ਤੇ ਇਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਓਂਟਾਰੀਓ ਵਿਚ 1,248 ਨਵੇਂ ਮਾਮਲੇ ਦਰਜ ਹੋਏ ਤੇ ਕੋਰੋਨਾ ਕਾਰਨ 24 ਘੰਟਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ 29 ਦਰਜ ਹੋਈ। ਸਿਹਤ ਅਧਿਕਾਰੀਆਂ ਮੁਤਾਬਕ ਕਿਊਬਿਕ ਵਿਚ ਕੋਰੋਨਾ ਦੇ 1,211 ਨਵੇਂ ਮਾਮਲੇ ਦਰਜ ਹੋਏ ਤੇ ਇਸ ਦੇ ਨਾਲ ਹੀ 15 ਹੋਰ ਲੋਕਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ। ਇਹ ਅੰਕੜੇ ਇਕ ਦਿਨ ਪਹਿਲਾਂ ਕ੍ਰਮਵਾਰ 1,026, 1,585 ਅਤੇ 1,448 ਮਾਮਲਿਆਂ ਤੋਂ ਘੱਟ ਦਰਜ ਹੋਏ ਹਨ।

ਕਿਊਬਿਕ ਦੇ ਸਿਹਤ ਮੰਤਰੀ ਕ੍ਰਿਸ਼ਚੀਅਨ ਡੁਬੇ ਨੇ ਕਿਹਾ ਕਿ ਪਿਛਲੇ ਦਿਨ ਦੇ ਕੋਰੋਨਾ ਮਾਮਲਿਆਂ ਨਾਲੋਂ ਅੱਜ ਮਾਮੂਲੀ ਗਿਰਾਵਟ ਦਰਜ ਹੋਈ ਹੈ ਪਰ ਜੇਕਰ ਲੋਕ ਵਾਇਰਸ ਦੇ ਫੈਲਣ ਨੂੰ ਰੋਕਣਾ ਚਾਹੁੰਦੇ ਹਨ ਤਾਂ ਜਨਤਕ ਸਿਹਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਕੋਰੋਨਾ ਪੀੜਤਾਂ ਦੀ ਗਿਣਤੀ ਘੱਟਦੀ ਜਾਵੇ ਤੇ ਦੇਸ਼ ਕੋਰੋਨਾ ਮੁਕਤ ਹੋ ਜਾਵੇ ਪਰ ਇਸ ਲਈ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਕੈਨੇਡਾ ਦੇ ਜਿਹੜੇ ਖੇਤਰ ਕੋਰੋਨਾ ਦੀ ਮਾਰ ਤੋਂ ਬਚੇ ਹੋਏ ਸਨ, ਉੱਥੇ ਵੀ ਕੋਰੋਨਾ ਦੇ ਮਾਮਲੇ ਦਰਜ ਹੋ ਰਹੇ ਹਨ। 


Lalita Mam

Content Editor

Related News