ਕੋਵਿਡ-19 ਮਹਾਮਾਰੀ ਕਾਰਨ ਇਟਲੀ ''ਚ 12 ਲੱਖ ਲੋਕਾਂ ਨੂੰ ਲੱਗੀ ਸਿਗਰਟਨੋਸ਼ੀ ਦੀ ਲਤ
Friday, Jun 04, 2021 - 02:34 PM (IST)
ਰੋਮ(ਦਲਵੀਰ ਕੈਂਥ)- ਕੋਰੋਨਾ ਵਾਇਰਸ ਅਤੇ ਇਸ ਦੌਰਾਨ ਹੋਏ ਲਾਕਡਾਊਨ ਨੇ ਆਮ ਲੋਕਾਂ ਦੀ ਜ਼ਿੰਦਗੀ ਜਿਉਣ ਦੇ ਢੰਗ ਨੂੰ ਬਦਲ ਕੇ ਰੱਖ ਦਿੱਤਾ ਹੈ। ਕੋਵਿਡ-19 ਮਹਾਮਾਰੀ ਨੇ ਇਟਲੀ ਵਿਚ 1.2 ਮਿਲੀਅਨ ਸਿਗਰਟ ਪੀਣ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਕੀਤਾ। ਉੱਚ ਸਿਹਤ ਸੰਸਥਾ (ਆਈ.ਐਸ.ਐਸ.) ਨੇ ਮਾਰੀਓ ਨੇਗਰੀ ਸਿਹਤ ਸੰਸਥਾ ਦੇ ਸਹਿਯੋਗ ਨਾਲ ਕੀਤੇ ਇਕ ਸਰਵੇਖਣ ਅਨੁਸਾਰ ਸਿਗਰਟ ਅਤੇ ਤੰਬਾਕੂ ਦਾ ਇਸਤੇਮਾਲ ਅਪ੍ਰੈਲ 2020 ਤੱਕ ਇਟਲੀ ਦੀ 21.9% ਆਬਾਦੀ ਕਰਦੀ ਸੀ ਅਤੇ ਜੋ ਨਵੰਬਰ ਵਿਚ 24% ਅਤੇ ਹੁਣ ਮਈ 2021 ਵਿਚ 26.2% ਹੋ ਗਈ ਹੈ।
ਜ਼ਿਕਰਯੋਗ ਹੈ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵਿਚ ਤੰਬਾਕੂ ਨੂੰ ਜਨਤਕ ਥਾਂਵਾਂ ਉਪਰ ਵਰਤਣ 'ਤੇ ਪਾਬੰਦੀ ਹੈ ਪਰ ਇਸ ਦੇ ਬਾਵਜੂਦ ਦੁਨੀਆ ਭਰ ਵਿਚ ਹਰ ਸਾਲ 80 ਲੱਖ ਦੇ ਕਰੀਬ ਲੋਕਾਂ ਦੀ ਮੌਤ ਦਾ ਕਾਰਨ ਤੰਬਾਕੂ ਖਾਣ ਨਾਲ ਹੋਣ ਵਾਲ਼ੀਆਂ ਬਿਮਾਰੀਆਂ ਹਨ। ਵਿਸ਼ਵ ਸਿਹਤ ਸੰਗਠਨ ਵੱਲੋਂ ਇਸ ਸਾਲ ਤੰਬਾਕੂ ਦਿਵਸ 2021 ਪੁਰਸਕਾਰ ਬ੍ਰਾਜ਼ੀਲ ਨੂੰ ਦਿੱਤਾ ਗਿਆ ਹੈ। ਯੂਰਪ ਵਿਚ ਸਭ ਤੋਂ ਵੱਧ ਤੰਬਾਕੂਨੋਸ਼ੀ ਦੀ ਵਰਤੋਂ ਦੀ ਦਰ 37% ਗਰੀਸ ਵਿਚ ਦਰਜ ਕੀਤੀ ਗਈ ਹੈ ਤੇ ਸਭ ਤੋਂ ਘੱਟ ਤੰਬਾਕੂਨੋਸ਼ੀ ਦੀ ਵਰਤੋਂ ਸਵੀਡਨ ਵਿਚ ਕੀਤੀ ਜਾਂਦੀ ਹੈ, ਜਿੱਥੇ ਤੰਬਾਕੂਨੋਸ਼ੀ ਦੀ ਦਰ ਸੰਨ 2017 ਵਿਚ 7% ਦਰਜ ਕੀਤੀ ਗਈ ਸੀ। ਯੂਰਪੀਅਨ ਦੇਸ਼ਾਂ ਵਿਚ ਕੀਤਾ ਇਹ ਵਿਸ਼ੇਸ਼ ਸਰਵੇਖਣ 15 ਸਾਲ ਤੋਂ ਉਪਰ ਦੇ ਲੋਕਾਂ 'ਤੇ ਕੀਤਾ ਗਿਆ ਸੀ।