ਕੋਰੋਨਾ ਵਾਇਰਸ : ਟੋਕੀਓ ਓਲੰਪਿਕ ਤੋਂ ਹਟੇ ਕੈਨੇਡਾ ਤੇ ਆਸਟਰੇਲੀਆ

03/24/2020 2:31:14 AM

ਟੋਕੀਓ— ਕੈਨੇਡਾ ਅਤੇ ਆਸਟਰੇਲੀਆ ਨੇ ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਟੋਕੀਓ ਓਲੰਪਿਕ ਤੋਂ ਹਟਣ ਦਾ ਫੈਸਲਾ ਕੀਤਾ ਹੈ, ਜਿਸ ਵਿਚ ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਤੇ ਮੇਜ਼ਬਾਨ ਦੇਸ਼ ਜਾਪਾਨ 'ਤੇ ਇਨ੍ਹਾਂ ਖੇਡਾਂ ਨੂੰ ਮੁਲਤਵੀ ਕਰਨ ਨੂੰ ਲੈ ਕੇ ਦਬਾਅ ਵਧ ਗਿਆ ਹੈ। ਕੈਨੇਡਾ ਅਤੇ ਆਸਟਰੇਲੀਆ ਨੇ ਕਿਹਾ ਹੈ ਕਿ ਜੇਕਰ ਟੋਕੀਓ ਓਲੰਪਿਕ ਦਾ ਆਯੋਜਨ ਆਪਣੇ ਨਿਰਧਾਰਿਤ ਪ੍ਰੋਗਰਾਮ ਅਨੁਸਾਰ 24 ਜੁਲਾਈ ਤੋਂ 9 ਅਗਸਤ ਤਕ ਹੁੰਦਾ ਹੈ ਤਾਂ ਉਹ ਆਪਣੇ ਖਿਡਾਰੀ ਇਨ੍ਹਾਂ ਖੇਡਾਂ ਵਿਚ ਨਹੀਂ ਭੇਜਣਗੇ। ਆਈ. ਓ. ਸੀ. ਤੇ ਮੇਜ਼ਬਾਨ ਦੇਸ਼ ਜਾਪਾਨ ਲਗਾਤਾਰ ਕਹਿ ਰਿਹਾ ਸੀ ਕਿ ਉਹ ਇਨ੍ਹਾਂ ਖੇਡਾਂ ਦਾ ਆਯੋਜਨ ਨਿਰਧਾਰਿਤ ਸਮੇਂ 'ਤੇ ਕਰਨਗੇ ਪਰ ਹੁਣ ਉਨ੍ਹਾਂ ਨੂੰ ਆਪਣੇ ਰੁਖ ਵਿਚ ਨਰਮੀ ਲਿਆਉਂਦਿਆਂ ਸੰਕੇਤ ਦਿੱਤਾ ਹੈ ਕਿ ਇਨ੍ਹਾਂ ਖੇਡਾਂ ਨੂੰ ਮੁਲਤਵੀ ਕੀਤਾ ਜਾ ਸਕਦਾ ਹੈ।

PunjabKesari
ਕੈਨੇਡਾ ਤੇ ਆਸਟਰੇਲੀਆ ਨੇ ਤਾਂ ਇਥੋਂ ਤਕ ਕਿਹਾ ਹੈ ਕਿ ਜੇਕਰ ਇਨ੍ਹਾਂ ਖੇਡਾਂ ਨੂੰ 2021 ਤਕ ਮੁਲਤਵੀ ਨਹੀਂ ਕੀਤਾ ਜਾਂਦਾ ਤਾਂ ਇਹ ਇਸ ਵਿਚ ਹਿੱਸਾ ਨਹੀਂ ਲੈਣਗੇ। ਕੈਨੇਡਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਕੋਰੋਨਾ ਦੇ ਖਤਰੇ ਨੂੰ ਦੇਖਦੇ ਹੋਏ ਇਸ ਸਾਲ ਹੋਣ ਵਾਲੀਆਂ ਟੋਕੀਓ ਓਲੰਪਿਕ ਵਿਚ ਆਪਣੇ ਐਥਲੀਟਾਂ ਨੂੰ ਨਹੀਂ ਭੇਜੇਗਾ। ਉਸਨੇ ਨਾਲ ਹੀ ਓਲੰਪਿਕ ਨੂੰ ਇਕ ਸਾਲ ਲਈ ਮੁਲਤਵੀ ਕਰਨ ਦੀ ਵੀ ਮੰਗ ਕੀਤੀ ਹੈ। ਕੈਨੇਡਾ ਨੇ ਕਿਹਾ, ''ਕੈਨੇਡਾ ਓਲੰਪਿਕ ਕਮੇਟੀ (ਸੀ. ਓ. ਸੀ.) ਤੇ ਕੈਨੇਡਾ ਪੈਰਾਓਲੰਪਿਕ ਕਮੇਟੀ (ਸੀ. ਪੀ. ਸੀ.) ਨੇ ਐਥਲੀਟ ਕਮਿਸ਼ਨ, ਰਾਸ਼ਟਰੀ ਖੇਡ ਸੰਗਠਨ ਤੇ ਕੈਨੇਡਾ ਸਰਕਾਰ ਨਾਲ ਚਰਚਾ ਕਰ ਕੇ ਆਪਣੇ ਐਥਲੀਟਾਂ ਨੂੰ ਟੋਕੀਓ ਵਿਚ ਹੋਣ ਵਾਲੀਆਂ ਓਲੰਪਿਕ ਤੇ ਪੈਰਾਓਲੰਪਿਕ ਖੇਡਾਂ ਵਿਚ ਨਾ ਭੇਜਣ ਦਾ ਮੁਸ਼ਕਿਲ ਫੈਸਲਾ ਲਿਆ ਹੈ।''

PunjabKesari
ਬਿਆਨ ਅਨੁਸਾਰ ਕੋਰੋਨਾ ਦੇ ਖਤਰੇ ਵਿਚਾਲੇ ਟੋਕੀਓ ਜਾਣਾ ਐਥਲੀਟਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੁਰੱਖਿਅਤ ਨਹੀਂ ਹੈ। ਕੈਨੇਡਾ ਟੀਮ ਨੇ ਕਿਹਾ, ''ਸੀ. ਓ. ਸੀ. ਤੇ ਸੀ. ਪੀ. ਸੀ. ਕੌਮਾਂਤਰੀ ਓਲੰਪਿਕ  ਕਮੇਟੀ (ਆਈ. ਓ. ਸੀ.), ਕੌਮਾਂਤਰੀ ਪੈਰਾਓਲੰਪਿਕ ਕਮੇਟੀ (ਆਈ. ਪੀ. ਸੀ.) ਤੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਤੋਂ ਤੁਰੰਤ ਓਲੰਪਿਕ ਖੇਡਾਂ ਨੂੰ ਇਕ ਸਾਲ ਲਈ ਮੁਲਤਵੀ ਕਰਨ ਦੀ ਮੰਗ ਕਰਦਾ ਹੈ। ਜੇਕਰ ਓਲੰਪਿਕ ਨੂੰ ਮੁਲਤਵੀ ਕੀਤਾ ਜਾਂਦਾ ਹੈ ਤਾਂ ਅਸੀਂ ਉਸਦਾ ਪੂਰਾ ਸਮਰਥਨ ਕਰਾਂਗੇ।  ਸਾਡੇ ਲਈ ਐਥਲੀਟਾਂ ਅਤੇ ਵਿਸ਼ਵ ਭਾਈਚਾਰੇ ਦੇ ਮੈਂਬਰਾਂ ਤੇ ਸੁਰੱਖਿਆ ਤੋਂ ਇਲਾਵਾ ਕੁਝ ਮਹੱਤਵਪੂਰਨ ਨਹੀਂ ਹੈ।''
ਕੈਨੇਡਾ ਦੇ ਇਸ ਫੈਸਲੇ ਦੇ ਕੁਝ ਸਮੇਂ ਬਾਅਦ ਆਸਟਰੇਲੀਆਈ ਓਲੰਪਿਕ ਕਮੇਟੀ (ਏ. ਓ. ਸੀ.) ਨੇ ਕਿਹਾ ਕਿ ਉਸ ਨੇ ਆਪਣੇ ਖਿਡਾਰੀਆਂ ਨੂੰ ਆਖਿਆ ਹੈ ਕਿ ਉਹ 2021 ਵਿਚ ਹੋਣ ਵਾਲੀਆਂ ਟੋਕੀਓ ਓਲੰਪਿਕ ਲਈ ਤਿਆਰੀ ਕਰਨ। ਏ. ਓ. ਸੀ. ਨੇ ਕਿਹਾ, ''ਮੌਜੂਦਾ ਹਾਲਾਤ ਵਿਚ ਸਾਡੇ ਖਿਡਾਰੀਆਂ  ਲਈ ਘਰ ਵਿਚ ਇਕ ਜਗ੍ਹਾ ਇਕੱਠਾ ਹੋਣਾ ਜਾਂ ਫਿਰ ਵਿਦੇਸ਼ ਜਾਣਾ ਬਹੁਤ ਮੁਸ਼ਕਿਲ ਹੋਵੇਗਾ। ਸਾਡੇ ਲਈ ਖਿਡਾਰੀਆਂ ਤੇ ਉਨ੍ਹਾਂ ਦੇ ਆਲੇ-ਦੁਆਲੇ ਦੇ ਲੋਕਾਂ ਦੀ ਸਿਹਤ ਸਰਵਉੱਚ ਪਹਿਲ ਹੈ।''


Gurdeep Singh

Content Editor

Related News