ਆਕਸਫੋਰਡ-ਐਸਟ੍ਰਾਜ਼ੇਨੇਕਾ ਦੀ ਕੋਰੋਨਾ ਵੈਕਸੀਨ ਟ੍ਰਾਇਲ ''ਚ ਬ੍ਰਾਜ਼ੀਲ ਦੇ ਵਾਲੰਟੀਅਰ ਦੀ ਮੌਤ
Thursday, Oct 22, 2020 - 06:17 PM (IST)
ਬ੍ਰਾਸੀਲੀਆ (ਬਿਊਰੋ): ਕੋਰੋਨਾਵਾਇਰਸ ਨਾਲ ਲੜਨ ਲਈ ਆਕਸਫੋਰਡ ਯੂਨੀਵਰਸਿਟੀ ਅਤੇ ਐਸਟ੍ਰਾਜ਼ੇਨੇਕਾ (AstraZeneca) ਦੀ ਜਿਸ ਵੈਕਸੀਨ ਤੋਂ ਹੁਣ ਤੱਕ ਸਭ ਤੋਂ ਜ਼ਿਆਦਾ ਆਸ ਲਗਾਈ ਜਾ ਰਹੀ ਸੀ, ਬ੍ਰਾਜ਼ੀਲ ਵਿਚ ਉਸ ਦੇ ਤੀਜੇ ਪੜਾਅ ਦੇ ਟ੍ਰਾਇਲ ਵਿਚ ਇਕ ਵਾਲੰਟੀਅਰ ਦੀ ਮੌਤ ਹੋ ਗਈ ਹੈ। ਸਿਹਤ ਅਥਾਰਿਟੀ ਐਨਵਿਸਾ ਨੇ ਬੁੱਧਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ। ਭਾਵੇਂਕਿ ਇਸ ਵਾਲੰਟੀਅਰ ਨੂੰ ਵੈਕਸੀਨ ਨਹੀਂ ਦਿੱਤੀ ਗਈ ਸੀ ਅਤੇ ਇਸ ਲਈ ਵੈਕਸੀਨ ਦੇ ਟ੍ਰਾਇਲ ਰੋਕੇ ਨਹੀਂ ਜਾਣਗੇ।
ਨਹੀਂ ਦਿੱਤੀ ਗਈ ਸੀ ਵੈਕਸੀਨ
ਫੈਡਰਲ ਯੂਨੀਵਰਸਿਟੀ ਆਫ ਸਾਓ ਪਾਓਲੋ ਦੀ ਮਦਦ ਨਾਲ ਬ੍ਰਾਜ਼ੀਲ ਵਿਚ ਕੋਰੋਨਾਵਾਇਰਸ ਦੀ ਵੈਕਸੀਨ AZD222 ਦੇ ਤੀਜੇ ਪੜਾਅ ਦੇ ਟ੍ਰਾਇਲ ਚੱਲ ਰਹੇ ਸਨ। ਯੂਨੀਵਰਸਿਟੀ ਨੇ ਜਾਣਕਾਰੀ ਦਿੱਤੀ ਹੈ ਕਿ ਜਿਸ ਵਾਲੰਟੀਅਰ ਦੀ ਮੌਤ ਹੋਈ ਹੈ ਉਹ ਬ੍ਰਾਜ਼ੀਲ ਦਾ ਸੀ। ਬਲੂਮਬਰਗ ਦੇ ਮੁਤਾਬਕ, 28 ਸਾਲ ਦੇ ਵਾਲੰਟੀਅਰ ਨੂੰ ਵੈਕਸੀਨ ਨਹੀਂ ਦਿੱਤੀ ਗਈ ਸੀ। ਐਨਵੀਸਾ ਨੇ ਕਿਹਾ ਹੈ ਕਿ ਹਾਦਸੇ ਦੇ ਬਾਅਦ ਵੀ ਵੈਕਸੀਨ ਦਾ ਟ੍ਰਾਇਲ ਚੱਲਦਾ ਰਹੇਗਾ ਪਰ ਇਸ ਬਾਰੇ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਗਈ। ਉੱਥੇ ਆਕਸਫੋਰਡ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਵੈਕਸੀਨ ਦੀ ਸੁਰੱਖਿਆ ਸਬੰਧੀ ਕੋਈ ਚਿੰਤਾ ਦੀ ਗੱਲ ਨਹੀਂ ਹੈ।
ਅਮਰੀਕਾ ਵਿਚ ਬੰਦ ਸਨ ਟ੍ਰਾਇਲ
ਇਸ ਤੋਂ ਪਹਿਲਾਂ ਸਤੰਬਰ ਵਿਚ ਬ੍ਰਿਟੇਨ ਵਿਚ ਵੈਕਸੀਨ ਦੇ ਟ੍ਰਾਇਲ ਦੇ ਦੌਰਾਨ ਇਕ ਵਾਲੰਟੀਅਰ ਨੂੰ ਹਸਪਤਾਲ ਲਿਜਾਣਾ ਪਿਆ ਸੀ। ਇਸ ਦੇ ਬਾਅਦ ਦੁਨੀਆਭਰ ਵਿਚ ਟ੍ਰਾਇਲ ਰੋਕ ਦਿੱਤੇ ਗਏ। ਭਾਵੇਂਕਿ ਬਾਅਦ ਵਿਚ ਅਮਰੀਕਾ ਨੂੰ ਛੱਡ ਕੇ ਬਾਰੀ ਸਾਰੀਆਂ ਥਾਵਾਂ 'ਤੇ ਟ੍ਰਾਇਲ ਮੁੜ ਸ਼ੁਰੂ ਹੋ ਗਏ। ਰਿਪੋਰਟਾਂ ਵਿਚ ਦੱਸਿਆ ਗਿਆ ਕਿ ਅਮਰੀਕਾ ਵਿਚ ਵੀ ਹੁਣ ਐੱਫ.ਡੀ.ਏ. (ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ) ਨੇ ਸੇਫਟੀ ਡਾਟਾ ਦੇ ਰੀਵੀਊ ਦੇ ਬਾਅਦ ਟ੍ਰਾਇਲ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਸੀ। ਪਰ ਹੁਣ ਇਕ ਵਾਰ ਸਵਾਲ ਖੜ੍ਹਾ ਹੋ ਗਿਆ ਹੈ ਕਿ ਬ੍ਰਾਜ਼ੀਲ ਦੀ ਘਟਨਾ ਦੇ ਬਾਅਦ ਕੀ ਫ਼ੈਸਲਾ ਲਿਆ ਜਾਵੇਗਾ। ਜਾਨ ਹਾਪਕਿਨਜ਼ ਯੂਨੀਵਰਸਿਟੀ ਦੇ ਤਾਜ਼ਾ ਅਪਡੇਟ ਮੁਤਾਬਕ, ਬ੍ਰਾਜ਼ੀਲ ਵਿਚ ਕੋਵਿਡ-19 ਦੇ 5,273,954 ਮਾਮਲੇ ਦਰਜ ਹੋਏ ਹਨ ਅਤੇ ਇਸ ਨਾਲ ਹੁਣ ਤੱਕ 154,837 ਲੋਕਾਂ ਦੀ ਮੌਤ ਹੋਈ ਹੈ।
ਲੋਕਾਂ ਦੇ ਮਨ ਵਿਚ ਸਵਾਲ
ਦੂਜੇ ਪਾਸੇ ਕੋਰੋਨਾਵਾਇਰਸ ਦੇ ਇਨਫੈਕਸ਼ਨ ਸਬੰਧੀ ਬ੍ਰਿਟੇਨ ਦੇ ਸੀਨੀਅਰ ਵਿਗਿਆਨੀ ਸਲਾਹਕਾਰ ਦੇ ਦਾਅਵੇ ਨਾਲ ਲੋਕਾਂ ਦੀ ਚਿੰਤਾ ਵੱਧ ਗਈ ਹੈ। ਮਹਾਮਾਰੀ ਲਈ ਗਠਿਤ ਬ੍ਰਿਟਿਸ਼ ਸਰਕਾਰ ਦੀ ਸਲਾਹਕਾਰ ਕਮੇਟੀ ਦੇ ਇਕ ਸੀਨੀਅਰ ਵਿਗਿਆਨੀ ਨੇ ਕਿਹਾ ਕਿ ਕੋਰੋਨਾਵਾਇਰਸ ਨੂੰ ਕਦੇ ਖਤਮ ਨਹੀਂ ਕੀਤਾ ਜਾ ਸਕੇਗਾ। ਇਹ ਲੋਕਾਂ ਦੇ ਵਿਚ ਹਮੇਸ਼ਾ ਬਣਿਆ ਰਹੇਗਾ। ਉਹਨਾਂ ਨੇ ਕਿਹਾ ਭਾਵੇਂਕਿ ਇਕ ਵੈਕਸੀਨ ਪਰੀਖਣ ਵਰਤਮਾਨ ਸਥਿਤੀ ਨੂੰ ਥੋੜ੍ਹਾ ਬਿਹਤਰ ਬਣਾਉਣ ਵਿਚ ਮਦਦ ਜ਼ਰੂਰ ਕਰੇਗਾ।