ਕੋਰੋਨਾ : ਇਟਲੀ 'ਚ ਘੱਟਣ ਲੱਗੀ ਮੌਤਾਂ ਦੀ ਗਿਣਤੀ, ਬੀਤੇ 24 ਘੰਟਿਆਂ 'ਚ ਹੋਈਆਂ ਇੰਨੀਆਂ ਮੌਤਾਂ
Tuesday, Apr 07, 2020 - 10:36 PM (IST)

ਰੋਮ - ਕੋਰੋਨਾਵਾਇਰਸ ਤ੍ਰਾਸਦੀ ਨੇ ਹੁਣ ਤੱਕ 180 ਤੋਂ ਜ਼ਿਆਦਾ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਅਤੇ ਇਹ ਵਾਇਰਸ ਬੜੀ ਤੇਜ਼ੀ ਨਾਲ ਇਨ੍ਹਾਂ ਦੇਸ਼ਾਂ 'ਤੇ ਆਪਣਾ ਪ੍ਰਭਾਵ ਪਾ ਰਿਹਾ ਹੈ। ਇਸ ਵਾਇਰਸ ਦਾ ਸਭ ਤੋਂ ਜ਼ਿਆਦਾ ਪ੍ਰਭਾਵ ਅਮਰੀਕਾ, ਇਟਲੀ ਅਤੇ ਸਪੇਨ ਵਿਚ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਬੀਤੇ ਕੁਝ ਦਿਨਾਂ ਇਥੇ ਮੌਤਾਂ ਦਾ ਅੰਕੜਾ ਅਤੇ ਪ੍ਰਭਾਵਿਤ ਲੋਕਾਂ ਦੀ ਗਿਣਤੀ ਰਿਕਾਰਡ ਪੱਧਰ 'ਤੇ ਦਰਜ ਕੀਤੀ ਗਈ ਹੈ।
ਵਰਲਡੋਮੀਟਰ ਵੈੱਬਸਾਈਟ 'ਤੇ ਇਟਲੀ ਦੇ ਅੱਜ ਦੇ ਨਵੇਂ ਅੰਕੜੇ ਸਾਹਮਣੇ ਆਉਣ ਤੋਂ ਬਾਅਦ, ਇਥੇ ਅੱਜ 604 ਲੋਕਾਂ ਦੀ ਵਾਇਰਸ ਨੇ ਜਾਨ ਲੈ ਲਈ ਜਿਸ ਨਾਲ ਇਥੇ ਮੌਤਾਂ ਦਾ ਅੰਕੜਾ 17,127 ਪਹੁੰਚ ਗਿਆ ਹੈ। ਉਥੇ ਹੀ 3039 ਨਵੇਂ ਮਾਮਲੇ ਵੀ ਦਰਜ ਕੀਤੇ ਗਏ ਹਨ ਅਤੇ ਇਨ੍ਹਾਂ ਦੀ ਗਿਣਤੀ 1,35,586 ਪਹੁੰਚ ਗਈ ਹੈ, ਜਿਨ੍ਹਾਂ ਵਿਚੋਂ 24,392 ਲੋਕਾਂ ਨੂੰ ਵਾਇਰਸ ਤੋਂ ਰੀ-ਕਵਰ ਕੀਤਾ ਜਾ ਚੁੱਕਿਆ ਹੈ।
ਦੱਸਣਯੋਗ ਹੈ ਕਿ ਯੂਨੀਵਰਸਿਟੀ ਆਫ ਵਾਸ਼ਿੰਗਟਨ ਦੇ ਖੋਜਕਾਰਾਂ ਨੇ ਕਿਹਾ ਕਿ ਯੂਰਪ 'ਚ ਡੇਢ ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਉੱਥੇ, ਇਸ ਦੇ ਮੁਤਾਬਕ ਸਿਰਫ ਬ੍ਰਿਟੇਨ 'ਚ ਜੁਲਾਈ ਤਕ 66 ਹਜ਼ਾਰ ਲੋਕ ਕੋਵਿਡ-19 ਦਾ ਸ਼ਿਕਾਰ ਹੋ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ ਯੂ.ਕੇ. 'ਚ ਇਟਲੀ ਤੋਂ ਵੀ ਤਿੰਨ ਗੁਣਾ ਜ਼ਿਆਦਾ ਮੌਤਾਂ ਹੋਣਗੀਆਂ। ਫਿਲਹਾਲ ਯੂਰਪ 'ਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ ਇਟਲੀ ਹੈ ਜਿਥੇ 17 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਵਿਗਿਆਨੀਆਂ ਦੇ ਮੁਤਾਬਕ ਇਟਲੀ 'ਚ ਅਗਲੇ ਤਿੰਨ ਮਹੀਨਿਆਂ 'ਚ ਮੌਤਾਂ ਹੋ ਸਕਦੀਆਂ ਹਨ।
ਸਪੇਨ 'ਚ 19 ਹਜ਼ਾਰ ਅਤੇ ਫਰਾਂਸ 'ਚ 15 ਹਜ਼ਾਰ ਮੌਤਾਂ ਦਾ ਅਨੁਮਾਨ ਜਤਾਇਆ ਗਿਆ ਹੈ। ਜ਼ਿਆਦਾਤਰ ਯੂਰਪੀਅਨ ਦੇਸ਼ਾਂ ਨੇ ਸੋਸ਼ਲ ਡਿਸਟੈਂਸਿੰਗ ਰਾਹੀਂ ਵਾਇਰਸ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ। ਬ੍ਰਿਟੇਨ 'ਚ ਤਿੰਨ ਹਫਤੇ ਦਾ ਲਾਕਡਾਊਨ ਵੀ ਐਲਾਨ ਕਰ ਦਿੱਤਾ ਗਿਆ ਹੈ। ਇਕੱਲੇ ਬ੍ਰਿਟੇਨ 'ਚ 5 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।