ਚੀਨ ’ਚ ਇਕ ਹਫ਼ਤੇ ’ਚ ਆਪਣੇ ਸਿਖ਼ਰ ’ਤੇ ਹੋਵੇਗਾ ਕੋਰੋਨਾ ! 24 ਘੰਟਿਆਂ ’ਚ 3.7 ਕਰੋੜ ਲੋਕ ਹੋ ਸਕਦੇ ਨੇ ਪਾਜ਼ੇਟਿਵ

12/24/2022 2:27:06 AM

ਬੀਜਿੰਗ : ਚੀਨ ’ਚ ਕੋਰੋਨਾ ਦੀ ਨਵੀਂ ਲਹਿਰ ਨੇ ਹਾਹਾਕਾਰ ਮਚਾ ਦਿੱਤੀ ਹੈ। ਲੰਬੇ ਸਮੇਂ ਤੋਂ ਚੱਲ ਰਹੀ ਜ਼ੀਰੋ ਕੋਵਿਡ ਨੀਤੀ ’ਚ ਜਦੋਂ ਤੋਂ ਚੀਨ ਨੇ ਢਿੱਲ ਦਿੱਤੀ ਹੈ, ਉਦੋਂ ਤੋਂ ਉੱਥੇ ਕੋਰੋਨਾ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਸਾਰੇ ਵੱਡੇ ਸ਼ਹਿਰ ਕੋਰੋਨਾ ਦੀ ਲਪੇਟ 'ਚ ਹਨ ਅਤੇ ਲੋਕ ਹਸਪਤਾਲ ’ਚ ਬੈੱਡਾਂ ਨੂੰ ਤਰਸ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਜ਼ੀਰੋ ਕੋਵਿਡ ਪਾਲਿਸੀ ਦੇ ਦੇਸ਼ਵਿਆਪੀ ਵਿਰੋਧ ਕਾਰਨ ਚੀਨ ਨੇ ਇਸ ਨੂੰ ਮਹੀਨੇ ਦੀ ਸ਼ੁਰੂਆਤ ’ਚ ਖਤਮ ਕਰ ਦਿੱਤਾ ਸੀ ਪਰ ਹੁਣ ਇਥੇ ਓਮੀਕਰੋਨ ਦੇ BF.7 ਵੇਰੀਐਂਟ ਨੇ ਹਮਲਾ ਕਰ ਦਿੱਤਾ ਹੈ। ਕੋਰੋਨਾ ਕਾਰਨ ਚੀਨ ਦੀ ਗਲੋਬਲ ਸਪਲਾਈ ਅਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਇਸ ਦੀ ਅਰਥਵਿਵਸਥਾ ਦੀ ਵਿਕਾਸ ਦਰ 50 ਸਾਲਾਂ ’ਚ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਬਲੂਮਬਰਗ ਦੀ ਇਕ ਰਿਪੋਰਟ ਮੁਤਾਬਕ ਚੀਨ ’ਚ ਇਸ ਹਫ਼ਤੇ ਇਕ ਦਿਨ ’ਚ 3.7 ਕਰੋੜ ਕੋਰੋਨਾ ਮਾਮਲੇ ਸਾਹਮਣੇ ਆ ਸਕਦੇ ਹਨ, ਜੋ ਇਕ ਦਿਨ ’ਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਹੋਣਗੇ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਦੀ ਅੰਦਰੂਨੀ ਬੈਠਕ ’ਚ ਦਿੱਤੇ ਗਏ ਅੰਕੜਿਆਂ ਦੇ ਆਧਾਰ ’ਤੇ ਬਲੂਮਬਰਗ ਨੇ ਦੱਸਿਆ ਕਿ ਇਸ ਸਾਲ ਦਸੰਬਰ ਦੇ ਪਹਿਲੇ 20 ਦਿਨਾਂ ’ਚ ਚੀਨ ’ਚ 248 ਮਿਲੀਅਨ ਲੋਕਾਂ ਦੇ ਪਾਜ਼ੇਟਿਵ ਹੋਣ ਦਾ ਖ਼ਦਸ਼ਾ ਸੀ।

ਇਹ ਖ਼ਬਰ ਵੀ ਪੜ੍ਹੋ : ਐੱਨ. ਆਰ. ਆਈਜ਼ ਲਈ ਵੱਡੀ ਖ਼ਬਰ, ਮਸਲਿਆਂ ਦੇ ਤੁਰੰਤ ਨਿਪਟਾਰੇ ਲਈ ਬਣਾਈਆਂ ਜਾਣਗੀਆਂ ਫਾਸਟ ਟ੍ਰੈਕ ਅਦਾਲਤਾਂ

ਚੀਨ ਨੇ ਜ਼ੀਰੋ ਕੋਵਿਡ ਨੀਤੀ ’ਚ ਢਿੱਲ ਦਿੱਤੀ ਸੀ

 ਚੀਨ ਨੇ ਲੰਬੇ ਸਮੇਂ ਤੋਂ ਜਾਰੀ ਜ਼ੀਰੋ ਕੋਵਿਡ ਨੀਤੀ ’ਚ ਜਦੋਂ ਤੋਂ ਢਿੱਲ ਦਿੱਤੀ ਹੈ, ਉਦੋਂ ਤੋਂ ਹੀ ਉਥੇ ਲਗਾਤਾਰ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਚੀਨ ’ਚ ਕੋਰੋਨਾ ਦੀ ਨਵੀਂ ਲਹਿਰ ਆ ਚੁੱਕੀ ਹੈ, ਜੋ ਹੁਣ ਤੱਕ ਦੀ ਸਭ ਤੋਂ ਖ਼ਤਰਨਾਕ ਲਹਿਰ ਬਣਦੀ ਜਾ ਰਹੀ ਹੈ। ਸਰਕਾਰੀ ਏਜੰਸੀ ਦੇ ਅਨੁਮਾਨ ਅਨੁਸਾਰ ਚੀਨ ਦੇ ਦੱਖਣ-ਪੱਛਮ ’ਚ ਸਿਚੁਆਨ ਸੂਬੇ ਅਤੇ ਰਾਜਧਾਨੀ ਬੀਜਿੰਗ ਦੇ ਅੱਧੇ ਤੋਂ ਵੱਧ ਵਸਨੀਕ ਇਨਫੈਕਟਿਡ ਹੋ ਗਏ ਹਨ।

ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਚੁੱਕੈ

ਖ਼ਬਰਾਂ ਮੁਤਾਬਕ ਉੱਥੋਂ ਦਾ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਢਹਿ-ਢੇਰੀ ਹੋ ਗਿਆ ਹੈ। ਸੈਂਕੜਿਆਂ ਦੀ ਗਿਣਤੀ ’ਚ ਲੋਕ ਮਰ ਰਹੇ ਹਨ। ਹਾਲਾਂਕਿ ਚੀਨ ਇਸ ਗੱਲ ਤੋਂ ਇਨਕਾਰ ਕਰ ਰਿਹਾ ਹੈ ਕਿ ਇਥੇ ਸਥਿਤੀ ਖਰਾਬ ਹੈ। ਦੂਜੇ ਪਾਸੇ ਪੂਰੀ ਦੁਨੀਆ ਚੀਨ ’ਤੇ ਕੋਰੋਨਾ ਦੇ ਮਾਮਲਿਆਂ ਨੂੰ ਲੁਕਾਉਣ ਦਾ ਦੋਸ਼ ਲਗਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਸੈਂਟਰਲ ਪੈਰਿਸ ’ਚ ਤਾਬੜਤੋੜ ਚੱਲੀਆਂ ਗੋਲ਼ੀਆਂ, 2 ਦੀ ਮੌਤ

ਚੀਨ ’ਚ ਦਵਾਈਆਂ ਦੀ ਭਾਰੀ ਕਮੀ

ਚੀਨ ’ਚ ਦਵਾਈਆਂ ਦੀ ਭਾਰੀ ਕਮੀ ਹੈ। ਮੰਗ ਨੂੰ ਪੂਰਾ ਕਰਨ ਲਈ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ’ਚ ਓਵਰਟਾਈਮ ਕਰਵਾਇਆ ਜਾ ਰਿਹਾ ਹੈ। ਇਸ ਵਿਚਾਲੇ ਚੀਨ ਸਰਕਾਰ ਵੱਲੋਂ ਵੀ ਕੁਝ ਪ੍ਰਬੰਧ ਕੀਤੇ ਗਏ ਹਨ। ਸਰਕਾਰ ਨੇ ਬੁਖਾਰ, ਸਰੀਰ ਦਰਦ ਅਤੇ ਸਿਰ ਦਰਦ ਲਈ ਮੁਫ਼ਤ ਦਵਾਈਆਂ ਦੇਣ ਦਾ ਐਲਾਨ ਕੀਤਾ ਹੈ। ਦੇਸ਼ ਭਰ ਦੇ ਮੈਡੀਕਲ ਸਟੋਰਾਂ ’ਚ ਐੱਨ-95 ਮਾਸਕ ਅਤੇ ਐਂਟੀਜਨ ਟੈਸਟਿੰਗ ਕਿੱਟਾਂ ਖ਼ਤਮ ਹੋ ਗਈਆਂ ਹਨ। ਮੰਗ ਨੂੰ ਦੇਖਦੇ ਹੋਏ ਜਿਨਪਿੰਗ ਸਰਕਾਰ ਨੇ 100 ਤੋਂ ਵੱਧ ਨਵੀਆਂ ਕੰਪਨੀਆਂ ਨੂੰ ਲਾਇਸੈਂਸ ਦਿੱਤੇ ਹਨ।

ਜਿਨਪਿੰਗ ਕਰਨਗੇ ਕੋਵਿਡ ਸਮੀਖਿਆ ਮੀਟਿੰਗ 

ਚੀਨ ਦੇ ਬੀਜਿੰਗ, ਸਿਚੁਆਨ, ਅਨਹੁਈ, ਹੁਬੇਈ, ਸ਼ੰਘਾਈ ਅਤੇ ਹੁਨਾਨ ’ਚ ਸਥਿਤੀ ਵਿਗੜਦੀ ਜਾ ਰਹੀ ਹੈ। ਲਗਾਤਾਰ ਵਿਗੜਦੀ ਸਥਿਤੀ ਵਿਚਕਾਰ ਖ਼ਬਰਾਂ ਆ ਰਹੀਆਂ ਹਨ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸ਼ਨੀਵਾਰ (24 ਦਸੰਬਰ) ਜਾਂ ਐਤਵਾਰ (25 ਦਸੰਬਰ) ਨੂੰ ਪਹਿਲੀ ਵਾਰ ਕੋਵਿਡ ਸਮੀਖਿਆ ਮੀਟਿੰਗ ਕਰ ਸਕਦੇ ਹਨ।
 


Manoj

Content Editor

Related News