ਯੂ. ਕੇ. ’ਚ ਕੋਰੋਨਾ ਮੁੜ ਮਚਾ ਰਿਹਾ ਕਹਿਰ, ਵੱਡੀ ਗਿਣਤੀ ਮਾਮਲੇ ਆ ਰਹੇ ਸਾਹਮਣੇ

Saturday, Jul 17, 2021 - 06:52 PM (IST)

ਯੂ. ਕੇ. ’ਚ ਕੋਰੋਨਾ ਮੁੜ ਮਚਾ ਰਿਹਾ ਕਹਿਰ, ਵੱਡੀ ਗਿਣਤੀ ਮਾਮਲੇ ਆ ਰਹੇ ਸਾਹਮਣੇ

ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)-ਯੂ. ਕੇ. ’ਚ ਕੋਰੋਨਾ ਵਾਇਰਸ ਮੁੜ ਕਹਿਰ ਮਚਾ ਰਿਹਾ ਹੈ ਤੇ ਲਾਗ ਦੇ ਮਾਮਲੇ ਮੁੜ ਰਫਤਾਰ ਫੜਦੇ ਨਜ਼ਰ ਆ ਰਹੇ ਹਨ। ਸਰਕਾਰੀ ਅੰਕੜਿਆਂ ਅਨੁਸਾਰ 16 ਜੁਲਾਈ ਨੂੰ ਯੂ. ਕੇ. ’ਚ 51,870 ਤੋਂ ਵੱਧ ਲੋਕ ਕੋਰੋਨਾ ਪਾਜ਼ੇਟਿਵ ਆਏ ਅਤੇ ਇਹ ਜਨਵਰੀ ਤੋਂ ਬਾਅਦ ਦਾ ਸਭ ਤੋਂ ਵੱਧ ਰੋਜ਼ਾਨਾ ਦਾ ਅੰਕੜਾ ਹੈ। ਇਸ ਦੇ ਨਾਲ ਹੀ ਵਾਇਰਸ ਕਾਰਨ 49 ਲੋਕਾਂ ਦੀ ਮੌਤ ਵੀ ਹੋਈ ਹੈ। ਇੱਕ ਪਾਸੇ ਜਿੱਥੇ ਵੱਡੀ ਗਿਣਤੀ ’ਚ ਕੋਰੋਨਾ ਮਾਮਲੇ ਸਾਹਮਣੇ ਆ ਰਹੇ ਹਨ, ਉੱਥੇ ਹੀ ਸਰਕਾਰ ਕੋਰੋਨਾ ਪਾਬੰਦੀਆਂ ਨੂੰ ਹਟਾਉਣ ਦੀ ਤਿਆਰੀ ’ਚ ਹੈ, ਜਦਕਿ ਸਿਹਤ ਮਾਹਿਰ ਸਰਕਾਰ ਦੇ ਪਾਬੰਦੀਆਂ ਹਟਾਉਣ ਦੇ ਫੈਸਲੇ ’ਤੇ ਚਿੰਤਾ ਪ੍ਰਗਟ ਕਰ ਰਹੇ ਹਨ।

ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਅਗਲੇ ਹਫਤੇ ਲਾਜ਼ਮੀ ਮਾਸਕ ਪਹਿਨਣ ਸਮੇਤ ਹੋਰ ਪਾਬੰਦੀਆਂ ਖਤਮ ਹੋਣ ’ਤੇ ਵਾਇਰਸ ਦੀ ਲਾਗ ਦੇ ਭਿਆਨਕ ਨਤੀਜੇ ਹੋ ਸਕਦੇ ਹਨ। ਸਿਹਤ ਵਿਭਾਗ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਕੋਰੋਨਾ ਦੇ 51,870 ਨਵੇਂ ਕੇਸ ਸਾਹਮਣੇ ਆਏ ਹਨ, ਜੋ 15 ਜਨਵਰੀ ਤੋਂ ਬਾਅਦ ਦੀ ਸਭ ਤੋਂ ਵੱਧ ਰੋਜ਼ਾਨਾ ਦੀ ਗਿਣਤੀ ਹੈ ਅਤੇ ਨਵੇਂ ਕੇਸਾਂ ’ਚ ਡੈਲਟਾ ਵੇਰੀਐਂਟ ਦੀ ਬਹੁਤਾਤ ਹੈ। ਸਿਹਤ ਵਿਗਿਆਨੀਆਂ ਅਨੁਸਾਰ ਜੇਕਰ ਵਾਇਰਸ ਦੀ ਲਾਗ ’ਚ ਖੜੋਤ ਨਾ ਆਈ ਤਾਂ ਅਗਸਤ ਤੱਕ 1,00,000 ਕੇਸ ਪ੍ਰਤੀ ਦਿਨ ਹੋ ਸਕਦੇ ਹਨ।


author

Manoj

Content Editor

Related News