ਸੰਘਣੀਆਂ ਥਾਵਾਂ ’ਤੇ ਤੇਜ਼ ਤੁਰਨ ਨਾਲ ਵਧ ਜਾਂਦੈ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦਾ ਖ਼ਤਰਾ
Thursday, Dec 17, 2020 - 08:39 AM (IST)
ਬੀਜਿੰਗ, (ਭਾਸ਼ਾ)-ਸੰਘਣੀਆਂ ਥਾਵਾਂ ’ਤੇ ਲੋਕਾਂ ਦੇ ਪਿੱਛੇ ਤੇਜ਼ੀ ਨਾਲ ਤੁਰਨ ’ਤੇ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪ੍ਰਸਾਰ ਦਾ ਖਤਰਾ ਵਧ ਜਾਂਦਾ ਹੈ। ਇਕ ਅਧਿਐਨ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ।
ਅਧਿਐਨ ਮੁਤਾਬਕ ਜਦੋਂ ਇਨਫੈਕਟਿਡ ਵਿਅਕਤੀ ਅਜਿਹੇ ਸਥਾਨਾਂ ’ਤੇ ਤੁਰਦਾ ਹੈ ਤਾਂ ਉਸਦੇ ਵਲੋਂ ਪਿੱਛੇ ਛੱਡੇ ਗਏ ਸਾਹ ਦੀਆਂ ਬੂੰਦਾਂ ’ਚ ਮੌਜੂਦ ਵਾਇਰਸ ਨਾਲ ਇਨਫੈਕਸ਼ਨ ਦਾ ਖਤਰਾ ਵਧ ਜਾਂਦਾ ਹੈ। ‘ਫਿਜੀਕਸ ਆਫ ਫਲੁਈਡਸ’ ਨਾਮੀ ਖੋਜ ਰਸਾਲੇ ’ਚ ਪ੍ਰਕਾਸ਼ਤ ਅਧਿਐਨ ’ਚ ਕੰਪਿਊਟਰ ‘ਸਿਮੁਲੇਸ਼ਨ’ ਦੇ ਨਤੀਜੇ ਦਿੱਤੇ ਗਏ ਹਨ ਜਿਸ ਵਿਚ ਇਹ ਦੱਸਿਆ ਗਿਆ ਹੈ ਕਿ ਕਿਸੇ ਸਥਾਨ ਦਾ ਆਕਾਰ ਕਿਸ ਤਰ੍ਹਾਂ ਹਵਾ ’ਚ ਮੌਜੂਦ ਇਨਫੈਕਸ਼ਨ ਨੂੰ ਫੈਲਣ ’ਚ ਮਦਦ ਕਰ ਸਕਦਾ ਹੈ। ਇਸ ਤੋਂ ਪਹਿਲਾਂ ਕੀਤੀ ਗਈ ਖੋਜ ’ਚ ਸ਼ੀਸ਼ੇ, ਖਿੜਕੀਆਂ ਅਤੇ ਏ. ਸੀ. ਤੋਂ ਹਵਾ ਦੇ ਵਹਾਅ ’ਤੇ ਪੈਣ ਵਾਲੇ ਪ੍ਰਭਾਵ ਦਾ ਅਧਿਐਨ ਕੀਤਾ ਗਿਆ ਸੀ, ਪਰ ਹੁਣ ਬੀਜਿੰਗ ਸਥਿਤ ਚੀਨੀ ਵਿਗਿਆਨ ਅਕਾਦਮੀ ਦੇ ਵਿਗਿਆਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੀਤੇ ਗਏ ਸਿਮੁਲੇਸ਼ਨ ’ਚ ਵੱਡੀਆਂ ਅਤੇ ਖੁੱਲ੍ਹੀਆਂ ਥਾਵਾਂ ’ਤੇ ਖੋਜ ਕੀਤੀ ਗਈ। ਅਧਿਐਨ ਮੁਤਾਬਕ ਜੇਕਰ ਸੰਘਣੀ ਥਾਂ ’ਚ ਤੁਰ ਰਿਹਾ ਕੋਈ ਵਿਅਕਤੀ ਖੰਘਦਾ ਹੈ ਤਾਂ ਉਸਦੇ ਸਾਹ ਤੋਂ ਨਿਕਲੀਆਂ ਬੂੰਦਾਂ ਉਸਦੇ ਸਰੀਰ ਦੇ ਪਿੱਛੇ ਰੇਖਾਵਾਂ ਬਣਾਉਂਦੀਆਂ ਹਨ ਜੋ ਪਾਣੀ ’ਚ ਕਿਸਤੀ ਚੱਲਣ ’ਤੇ ਬਣਦੀਆਂ ਹਨ।
ਅਧਿਐਨ ਮੁਤਾਬਕ ਮੂੰਹ ਤੋਂ ਨਿਕਲੀਆਂ ਬੂੰਦਾਂ ਸੰਘਣੀਆਂ ਹੋਕੇ ਹਵਾ ’ਚ ਬੱਦਲ ਵਰਗਾ ਰੂਪ ਧਾਰ ਲੈਂਦੀਆਂ ਹਨ ਅਤੇ ਵਿਅਕਤੀ ਦੇ ਸਰੀਰ ਤੋਂ ਬਹੁਤ ਦੁਰ ਤਕ ਜਾਂਦੀਆਂ ਹਨ। ਖੋਜਕਾਰਾਂ ਸ਼ਿਆਓਲੀ ਯਾਂਗ ਨੇ ਕਿਹਾ ਕਿ ਇਸ ਨਾਲ ਸੰਘਣੇ ਮਾਰਗਾਂ ’ਤੇ ਪਿੱਛੇ ਅਤੇ ਅੱਗੇ ਤੁਰਨ ਵਾਲੇ ਲੋਕਾਂ ਖਾਸ ਕਰ ਕੇ ਬੱਚਿਆਂ ਨੂੰ ਇਨਫੈਕਸ਼ਨ ਦਾ ਖਤਰਾ ਪੈਦਾ ਹੋ ਜਾਂਦਾ ਹੈ।