ਤੇਜ਼ੀ ਨਾਲ ਹੋ ਰਿਹੈ ਕੋਰੋਨਾ ਮਹਾਮਾਰੀ ਦਾ ਪ੍ਰਸਾਰ, ਅਸੀਂ ਨਵੇਂ ਖਤਰਨਾਕ ਪੜਾਅ ’ਚ : WHO
Sunday, Jun 21, 2020 - 12:05 AM (IST)

ਜਿਨੇਵਾ – ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੇ ਮੁਖੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਦਾ ਪ੍ਰਸਾਰ ‘ਤੇਜ਼ੀ ਨਾਲ’ ਹੋ ਰਿਹਾ ਹੈ ਅਤੇ ਕੱਲ ਇਕ ਦਿਨ ’ਚ ਹੁਣ ਤੱਕ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ। ਡਬਲਯੂ. ਐੱਚ. ਓ. ਮੁਖੀ ਟੇਡ੍ਰੋਡ ਅਧਾਨਮ ਗੇਬ੍ਰੇਯੇਸਸ ਨੇ ਕਿਹਾ ਕਿ ਨਵੇਂ ਮਾਮਲਿਆਂ ’ਚੋਂ ਲਗਭਗ ਅੱਧੇ ਉੱਤਰ ਅਤੇ ਦੱਖਣੀ ਅਮਰੀਕਾ ਮਹਾਦੀਪ ਤੋਂ ਹਨ। ਦੱਖਣੀ ਏਸ਼ੀਆ ਅਤੇ ਪੱਛਮੀ ਏਸ਼ੀਆ ਤੋਂ ਵੀ ਮਾਮਲੇ ਕਾਫੀ ਗਿਣਤੀ ’ਚ ਹਨ। ਉਨ੍ਹਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੇ ਇਕ ਨਵੇਂ ਅਤੇ ਖਤਰਨਾਕ ਪੜਾਅ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਨਵੇਂ ਅਤੇ ਖਤਰਨਾਕ ਪੜਾਅ ’ਚ ਹਾਂ। ਮਹਾਮਾਰੀ ਨੂੰ ਰੋਕਣ ਲਈ ਪਾਬੰਦੀ ਦੀ ਹੁਣ ਵੀ ਲੋੜ ਹੈ।
ਲਗਾਤਾਰ ਵੱਧ ਰਹੀ ਹੈ ਕੋਰੋਨਾ ਦਾ ਰਫਤਾਰ
ਦੁਨੀਆ ਭਰ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਹਰ ਦਿਨ ਦੇ ਨਾਲ ਕੋਰੋਨਾ ਦਾ ਰਫਤਾਰ ਵੱਧਦੀ ਜਾ ਰਹੀ ਹੈ। ਵਰਲਡੋਮੀਟਰ ਮੁਤਾਬਕ ਪੂਰੀ ਦੁਨੀਆ ’ਚ ਕੋਰੋਨਾ ਤੋਂ 87 ਲੱਖ ਤੋਂ ਜ਼ਿਆਦਾ ਲੋਕ ਇਨਫੈਕਟਿਡ ਹਨ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ ਚਾਰ ਲੱਖ 61 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ।
8 ਦੇਸ਼ਾਂ ’ਚ 2 ਲੱਖ ਤੋਂ ਜਿਆਦਾ ਕੇਸ
ਬ੍ਰਾਜ਼ੀਲ, ਰੂਸ, ਸਪੇਨ, ਯੂ. ਕੇ., ਇਟਲੀ, ਭਾਰਤ, ਪੇਰੂ ’ਚ ਕੋਰੋਨਾ ਮਾਮਲਿਆਂ ਦੀ ਗਿਣਤੀ 2 ਲੱਖ ਤੋਂ ਪਾਰ ਹੋ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਅੱਠ ਦੇਸ਼ ਅਜਿਹੇ ਹਨ ਜਿਥੇ ਇਕ ਲੱਖ ਤੋਂ ਵੱਧ ਕੋਰੋਨਾ ਕੇਸ ਹਨ। ਚਾਰ ਦੇਸ਼ (ਅਮਰੀਕਾ, ਬ੍ਰਾਜ਼ੀਲ, ਬ੍ਰਿਟੇਨ, ਇਟਲੀ) ਅਜਿਹੇ ਹਨ, ਜਿਥੇ 30 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ’ਚ ਮੌਤਾਂ ਦਾ ਅੰਕੜਾ 1.21 ਲੱਖ ਤੋਂ ਜ਼ਿਆਦਾ ਹੋ ਚੁੱਕਾ ਹੈ। ਚੀਨ ਟੌਪ-18 ਇਨਫੈਕਟਡ ਦੇਸ਼ਾਂ ਦੀ ਲਿਸਟ ਤੋਂ ਬਾਹਰ ਹੋ ਚੁੱਕਾ ਹੈ। ਉਥੇ ਹੀ ਭਾਰਤ ਟੌਪ-4 ਦੇਸ਼ਾਂ ’ਚ ਸ਼ਾਮਲ ਹੋ ਗਿਆ ਹੈ।