ਕੋਰੋਨਾ ਸੰਕਟ: ਹੁਣ ਇਹ ਏਅਰਲਾਈਨ ਕਰੇਗੀ 5000 ਕਾਮਿਆਂ ਦੀ ਛਾਂਟੀ
Friday, Jul 31, 2020 - 05:43 PM (IST)
ਨਵੀਂ ਦਿੱਲੀ (ਇੰਟ.) : ਕੋਵਿਡ-19 ਕਾਰਣ ਹਵਾਬਾਜ਼ੀ ਸੈਕਟਰ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੁਨੀਆ ਭਰ ਦੀਆਂ ਕਈ ਜਹਾਜ਼ਰਾਨੀ ਕੰਪਨੀਆਂ ਨੇ ਆਪਣੇ ਹਜ਼ਾਰਾਂ ਕਾਮਿਆਂ ਨੂੰ ਕੱਢ ਦਿੱਤਾ ਹੈ। ਇਸ ਲੜੀ 'ਚ ਹੁਣ ਹਾਲੈਂਡ ਦੀ ਕੰਪਨੀ ਕੇ. ਐੱਲ. ਐੱਮ. ਦਾ ਨਾਂ ਵੀ ਜੁੜ ਗਿਆ ਹੈ। ਕੰਪਨੀ ਨੇ 5000 ਨੌਕਰੀਆਂ 'ਚ ਕਟੌਤੀ ਦਾ ਐਲਾਨ ਕੀਤਾ ਹੈ। ਯਾਨੀ ਕੰਪਨੀ ਦੇ 5000 ਕਾਮੇ ਬੇਰੋਜ਼ਗਾਰ ਹੋ ਜਾਣਗੇ।
ਕੇ. ਐੱਲ. ਐੱਮ. ਦਿ ਏਅਰ ਫਰਾਂਸ ਕੇ. ਐੱਲ. ਐੱਮ. ਗਰੁੱਪ ਦਾ ਹਿੱਸਾ ਹੈ। ਉਸ ਦਾ ਕਹਿਣਾ ਹੈ ਕਿ 2021 ਦੇ ਅਖੀਰ ਤੱਕ ਇਹ ਛਾਂਟੀ ਕੀਤੀ ਜਾਵੇਗੀ। ਹਾਲੈਂਡ ਦੀ ਸਰਕਾਰ ਨੇ 3.4 ਅਰਬ ਯੂਰੋ ਦਾ ਰਾਹਤ ਪੈਕੇਜ ਦਿੱਤਾ ਹੈ ਪਰ ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਦੇ ਤਹਿਤ ਲਗਭਗ 1500 ਕਾਮਿਆਂ ਦੀ ਲਾਜ਼ਮੀ ਛਾਂਟੀ ਕੀਤੀ ਜਾਏਗੀ। ਕੰਪਨੀ ਵਿਚ ਹੁਣ 33 ਹਜ਼ਾਰ ਕਾਮੇ ਹਨ। ਇਸ ਤੋਂ ਪਹਿਲਾਂ ਕੰਪਨੀ ਨੇ ਕਿਹਾ ਸੀ ਕਿ 2000 ਕਾਮਿਆਂ ਨੂੰ ਸਵੈ ਇੱਛਾ ਨਾਲ ਅਸਤੀਫ਼ਾ ਦੇਣ ਨੂੰ ਕਿਹਾ ਜਾਵੇਗਾ। ਨਾਲ ਹੀ 1500 ਅਸਥਾਈ ਕਾਮਿਆਂ ਦਾ ਕੰਟਰੈਕਟ ਰੀਨਿਊ ਨਹੀਂ ਕੀਤਾ ਜਾਵੇਗਾ।
ਅੱਗੇ ਵੀ ਹੋ ਸਕਦੀ ਹੈ ਛਾਂਟੀ
ਕੰਪਨੀ ਨੇ ਕਿਹਾ ਕਿ ਉਸ ਨੂੰ ਗੈਰ-ਵਿਸ਼ਵਾਸੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਕਵਰੀ ਦਾ ਰਸਤਾ ਲੰਮਾ ਹੈ ਅਤੇ ਅਨਿਸ਼ਚਿਤਤਾਵਾਂ ਨਾਲ ਭਰਿਆ ਹੈ। ਇਸ ਲਈ 4500 ਤੋਂ 5000 ਅਹੁਦਿਆਂ ਨੂੰ ਖ਼ਤਮ ਕਰਨਾ ਹੋਵੇਗਾ। ਇਸ 'ਚ 300 ਫਲਾਈਟ ਕਰੂ, 300 ਕੈਬਿਨ ਕਰੂ, 500 ਗਰਾਊਂਡ ਸਟਾਫ ਅਤੇ ਕੇ. ਐੱਲ. ਐੱਮ. ਦੀਆਂ ਸਹਾਇਕ ਕੰਪਨੀਆਂ 'ਚ ਲਗਭਗ 400 ਕਾਮੇ ਸ਼ਾਮਲ ਹਨ। ਕੰਪਨੀ ਨੇ ਨਾਲ ਹੀ ਕਿਹਾ ਕਿ ਉਹ ਅੱਗੇ ਵੀ ਕਾਮਿਆਂ ਦੀ ਗਿਣਤੀ ਘੱਟ ਕਰਨ ਦੀ ਸੰਭਾਵਨਾ ਖੁੱਲ੍ਹੀ ਰੱਖੇਗੀ। ਇਸ ਦਾ ਕਾਰਣ ਇਹ ਹੈ ਕਿ 2023 ਜਾਂ 2024 ਤੱਕ ਡਿਮਾਂਡ ਦੇ ਰਿਕਵਰ ਹੋਣ ਦੀ ਸੰਭਾਵਨਾ ਨਹੀਂ ਹੈ।