ਬ੍ਰਿਟੇਨ ’ਚ ਮੁੜ ਵਧਣ ਲੱਗੇ ਕੋਰੋਨਾ ਮਾਮਲੇ, ਨਵੀਆਂ ਹਦਾਇਤਾਂ ਨੂੰ ਲੈ ਕੇ ਵਿਚਾਰ-ਚਰਚਾ ਜਾਰੀ

Saturday, Jun 05, 2021 - 08:48 PM (IST)

ਇੰਟਰਨੈਸ਼ਨਲ ਡੈਸਕ : ਬ੍ਰਿਟੇਨ ਦੀ ਸਰਕਾਰ ਨੇ ਸ਼ਨੀਵਾਰ ਕਿਹਾ ਕਿ ਦੋ ਮਹੀਨਿਆਂ ’ਚ ਦੇਸ਼ ’ਚ ਕੋਰੋਨਾ ਦੇ ਇਕ ਦਿਨ ’ਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਉਣ ਵਿਚਾਲੇ ਉਹ 21 ਜੂਨ ਨੂੰ ਤਾਲਾਬੰਦੀ ਨੂੰ ਯੋਜਨਾਬੱਧ ਤਰੀਕੇ ਨਾਲ ਸਮਾਪਤ ਕਰਨ ਦੇ ਨਾਲ ਹੀ ਕੁਝ ਬਦਲਾਂ ’ਤੇ ਵਿਚਾਰ ਕਰ ਰਹੀ ਹੈ। ਸ਼ੁੱਕਰਵਾਰ ਨੂੰ ਬ੍ਰਿਟੇਨ ’ਚ ਕੋਰੋਨਾ ਵਾਇਰਸ ਦੇ 6238 ਨਵੇਂ ਕੇਸ ਸਾਹਮਣੇ ਆਏ ਅਤੇ ਵਾਇਰਸ ਦੀ ਦਰ ਇਥੇ ਲਗਾਤਾਰ ਵਧ ਰਹੀ ਹੈ। ਸਰਕਾਰ ਦੇ ਤਾਜ਼ਾ ਅੰਕੜਿਆਂ ’ਚ ਕੋਰੋਨਾ ਕਾਰਨ 11 ਹੋਰ ਲੋਕਾਂ ਦੀ ਮੌਤ ਹੋ ਗਈ ਹੈ।

ਬ੍ਰਿਟੇਨ ਦੇ ਇਕ ਸਰਕਾਰੀ ਅਧਿਕਾਰੀ ਨੇ ਸਕਾਈ ਨਿਊਜ਼ ਨੂੰ ਦੱਸਿਆ, “ਬੇਸ਼ੱਕ ਅਧਿਕਾਰੀ ਹੋਰ ਬਦਲਾਂ ’ਤੇ ਨਜ਼ਰ ਮਾਰ ਰਹੇ ਹਨ ਪਰ ਅਸੀਂ ਅਜੇ ਵੀ 21 ਜੂਨ ਨੂੰ ਅੱਗੇ ਵਧਣ ਬਾਰੇ ਸੋਚ ਰਹੇ ਹਾਂ।” ਜਿਨ੍ਹਾਂ ਬਦਲਾਂ ’ਤੇ ਵਿਚਾਰ ਕੀਤਾ ਜਾ ਰਿਹਾ ਹੈ, ਉਨ੍ਹਾਂ ’ਚ ਕੁਝ ਥਾਵਾਂ ’ਤੇ ਮਾਸਕ ਪਹਿਨਣਾ ਲਾਜ਼ਮੀ ਬਣਾਉਣਾ, ਘਰ ਤੋਂ ਕੰਮ ਕਰਨਾ ਆਦਿ ਸ਼ਾਮਲ ਹਨ। ਹਾਲਾਂਕਿ ਸਰਕਾਰ ਇਸ ਗੱਲ ’ਤੇ ਵੀ ਜ਼ੋਰ ਦੇ ਰਹੀ ਹੈ ਕਿ ਅੰਕੜਿਆਂ ’ਚ ਅਜਿਹਾ ਕੁਝ ਵੀ ਨਹੀਂ ਹੈ, ਜਿਸ ਨਾਲ ਲੱਗੇ ਕਿ ਤਾਲਾਬੰਦੀ ਖਤਮ ਕਰਨ ’ਚ ਹੋਰ ਦੇਰੀ ਕਰਨੀ ਚਾਹੀਦੀ ਹੈ। ਦੇਸ਼ ’ਚ 25 ਮਾਰਚ ਤੋਂ ਬਾਅਦ ਇੱਕ ਦਿਨ ’ਚ ਸਭ ਤੋਂ ਵੱਧ ਵਾਇਰਸ ਦੇ ਕੇਸ ਸਾਹਮਣੇ ਆਏ ਹਨ। ਯੂ. ਕੇ. ’ਚ ਤਾਲਾਬੰਦੀ ’ਚ ਕੁਝ ਚੀਜ਼ਾਂ ’ਚ ਪਾਬੰਦੀਆਂ ਨੂੰ ਘੱਟ ਕੀਤਾ ਗਿਆ ਹੈ।

ਇਸੇ ਦੇ ਮੱਦੇਨਜ਼ਰ ਬ੍ਰਿਟੇਨ ਦੇ ਸਿਹਤ ਮੰਤਰੀ ਮੈਟ ਹੈਨਕੌਕ ਨੇ ਕਿਹਾ ਕਿ ਜੇਕਰ ਦੇਸ਼ ’ਚ ਤਾਲਾਬੰਦੀ ’ਚ ਢਿੱਲ ਦਿੱਤੀ ਗਈ ਤਾਂ ਕੇਸਾਂ ਦੇ ਵਧਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ, “ਮਹੱਤਵਪੂਰਨ ਗੱਲ ਇਹ ਹੈ ਕਿ ਵਾਇਰਸ ਦੇ ਕੇਸਾਂ ਦੇ ਅਨੁਪਾਤ ਨੇ ਹਸਪਤਾਲ ’ਚ ਲਾਗ ਲੱਗਣ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਪ੍ਰਭਾਵਿਤ ਕੀਤਾ ਹੈ।” ਮੰਤਰੀ ਨੇ ਕਿਹਾ ਕਿ ਟੀਕਾ ਇਸ ਦਿਸ਼ਾ ’ਚ ਸਫਲ ਹੋ ਗਿਆ ਹੈ ਪਰ ਪੂਰੀ ਤਰ੍ਹਾਂ ਅਜੇ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ, ‘‘21 ਜੂਨ ਤੋਂ ਬਾਅਦ ਕੀ ਫ਼ੈਸਲਾ ਲਿਆ ਜਾਵੇਗਾ, ਇਸ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਅਸੀਂ ਸਮੇਂ ਸਿਰ ਲੋਕਾਂ ਨੂੰ ਸੂਚਿਤ ਕਰਾਂਗੇ।”


Manoj

Content Editor

Related News