ਕੋਰੋਨਾ : ਚੀਨ ਹੁਬੇਈ ਸੂਬੇ ''ਚ ਐਮਰਜੰਸੀ ਪ੍ਰਤੀਕਿਰਿਆ ਦੇ ਪੱਧਰ ਨੂੰ ਕਰੇਗਾ ਘੱਟ
Saturday, May 02, 2020 - 02:11 AM (IST)
ਵੁਹਾਨ - ਚੀਨ ਕੋਰੋਨਾਵਾਇਰਸ ਦੇ ਕੇਂਦਰ ਦੇ ਤੌਰ 'ਤੇ ਉਭਰੇ ਹੁਬੇਈ ਸੂਬੇ ਅਤੇ ਉਸ ਦੀ ਰਾਜਧਾਨੀ ਵੁਹਾਨ ਵਿਚ ਸ਼ਨੀਵਾਰ ਤੋਂ ਕੋਵਿਡ-19 ਐਮਰਜੰਸੀ ਪ੍ਰਤੀਕਿਰਿਆ ਪੱਧਰ ਨੂੰ ਸਰਵ ਉੱਚ ਪੱਧਰ ਤੋਂ ਘੱਟ ਕਰ ਇਕ ਨੰਬਰ ਹੇਠਾਂ ਲਿਆਵੇਗਾ। ਮਈ ਦਿਵਸ ਮੌਕੇ ਛੁੱਟੀ ਦੇ ਦਿਨ ਸ਼ਨੀਵਾਰ ਨੂੰ ਦੇਸ਼ ਦੇ ਜ਼ਿਆਦਾ ਸੈਰ-ਸਪਾਟੇ ਵਾਲੀਆਂ ਥਾਂਵਾਂ ਖੁਲ੍ਹੀਆਂ ਰਹਿਣਗੀਆਂ। ਹੁਬੇਈ ਦੇ ਉਪ-ਗਵਰਨਰ ਯਾਂਗ ਯੁਨਯਾਨ ਨੇ ਸ਼ੁੱਕਰਵਾਰ ਨੂੰ ਮੀਡੀਆ ਨੂੰ ਦੱਸਿਆ ਕਿ ਸੂਬੇ ਵਿਚ ਕੋਵਿਡ-19 'ਤੇ ਕੰਟਰੋਲ ਅਤੇ ਰੋਕਥਾਮ ਦੀ ਦਿਸ਼ਾ ਵਿਚ ਐਮਰਜੰਸੀ ਪੱਧਰ ਨੰ ਘੱਟ ਕਰਨਾ ਇਕ ਅਹਿਮ ਪੜਾਅ ਹੈ ਪਰ ਇਸ ਦਾ ਇਹ ਸਬੂਤ ਨਹੀਂ ਹੈ ਕਿ ਸੂਬੇ ਨੇ ਜ਼ੋਖਮ ਅਤੇ ਮਹਾਮਾਰੀ ਖਿਲਾਫ ਆਪਣੇ ਕੰਮ ਦੀ ਤੇਜ਼ੀ ਨੂੰ ਘੱਟ ਕਰ ਦਿੱਤਾ ਹੈ।
ਯਾਂਗ ਨੇ ਆਖਿਆ ਕਿ 3 ਮਹੀਨਿਆਂ ਤੋਂ ਵੀ ਜ਼ਿਆਦਾ ਸਮੇਂ ਤੱਕ ਸਟੀਕ ਅਤੇ ਸਖਤ ਰੋਕਥਾਮ ਅਤੇ ਕੰਟਰੋਲ ਕਾਰਨ ਹੁਬੇਈ ਵਿਚ ਵਾਇਰਸ ਦਾ ਪ੍ਰਸਾਰ ਮੁਖ ਰੂਪ ਤੋਂ ਟੁੱਟ ਚੁੱਕਿਆ ਹੈ। ਹੁਬੇਈ ਸੂਬਾ 23 ਜਨਵਰੀ ਤੋਂ 3 ਮਹੀਨਿਂ ਲਈ ਲਾਕਡਾਊਨ ਵਿਚ ਸੀ। ਹੁਣ ਇਹ ਲਾਕਡਾਊਨ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ ਅਤੇ ਲੋਕਾਂ ਨੂੰ ਸਿਹਤ ਜਾਂਚ ਤੋਂ ਬਾਅਦ ਯਾਤਰਾ ਦੀ ਇਜਾਜ਼ਤ ਹੈ। ਯਾਂਗ ਨੇ ਆਖਿਆ ਕਿ ਸ਼ੁਰੂਆਤੀ ਪੜਾਅ ਦੌਰਾਨ ਐਮਰਜੰਸੀ ਉਪਾਅ ਨੇ ਨਵੇਂ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਇਕ ਤਰ੍ਹਾਂ ਨਾਲ ਰੋਕ ਦਿੱਤਾ। ਸਰਕਾਰੀ ਨਿਊਜ਼ ਏਜੰਸੀ ਸ਼ਿੰਹੂਆ ਨੇ ਗਵਰਨਰ ਦਾ ਹਵਾਲੇ ਦਿੰਦੇ ਹੋਏ ਆਖਿਆ ਕਿ ਰਾਸ਼ਟਰੀ ਨਿਯਮਾਂ ਅਤੇ ਸੂਬਾਈ ਆਪਦਾ ਯੋਜਨਾ ਮੁਤਾਬਕ ਹੁਬੇਈ ਐਮਰਜੰਸੀ ਪੱਧਰ ਨੂੰ ਘੱਟ ਕਰਨ ਦੀਆਂ ਸਥਿਤੀਆਂ ਨੂੰ ਪੂਰਾ ਕਰਦਾ ਹੈ। ਸੂਬੇ ਵਿਚ 27 ਦਿਨਾਂ ਤੋਂ ਕੋਵਿਡ-19 ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਜਾ ਰਿਰਾ ਹੈ। ਇਸ ਦੌਰਾਨ ਹੁਬੇਈ ਸੂਬੇ ਵਿਚ ਹਾਲਾਂਕਿ 631 ਅਜਿਹੇ ਮਾਮਲੇ ਸਾਹਮਣੇ ਆਏ ਹਨ, ਜਿਥੇ ਮਰੀਜ਼ਾਂ ਵਿਚ ਲੱਛਣ ਪਾਏ ਨਹੀਂ ਜਾ ਰਹੇ ਸੀ।