ਉੱਤਰੀ ਕੋਰੀਆ ਨੇ ਮਿਜ਼ਾਈਲ ਨਾਲ ਕੀਤਾ ਐਂਥਰੈਕਸ ਦਾ ਟੈਸਟ, ਜਾਨਲੇਵਾ ਹੈ ਇਹ ਬੈਕਟੀਰੀਆ

12/21/2017 5:57:38 PM

ਪਿਅੋਂਗਯਾਂਗ (ਬਿਊਰੋ)— ਉੱਤਰੀ ਕੋਰੀਆ ਇਕ ਦੇ ਬਾਅਦ ਇਕ ਲਗਾਤਾਰ ਮਿਜ਼ਾਈਲ ਪਰੀਖਣ ਕਰਦਾ ਰਿਹਾ ਹੈ। ਉਸ ਦੇ ਇਨ੍ਹਾਂ ਪਰੀਖਣਾਂ ਨੇ ਅਮਰੀਕਾ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਹੁਣ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੇ ਅਜਿਹਾ ਨਵਾਂ ਮਿਜ਼ਾਈਲ ਪਰੀਖਣ ਕੀਤਾ ਹੈ, ਜਿਸ ਵਿਚ ਖਤਰਨਾਕ ਐਂਥਰੈਕਸ (anthrax) ਮਿਲਿਆ ਹੋ ਸਕਦਾ ਹੈ। ਦੱਖਣੀ ਕੋਰੀਆ ਦੀ ਖੁਫੀਆ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਉਸ ਦੇ ਗੁਆਂਢੀ ਦੇਸ਼ ਨੇ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾ ਪਰੀਖਣ ਕੀਤਾ ਹੈ, ਜਿਸ ਦੇ ਅਗਲੇ ਹਿੱਸੇ 'ਤੇ ਖਤਰਨਾਕ ਐਂਥਰੈਕਸ ਲੱਗਿਆ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਮਿਜ਼ਾਈਲ ਦੀ ਪਹੁੰਚ ਅਮਰੀਕਾ ਦੇ ਪੂਰਬੀ ਹਿੱਸਿਆ ਤੱਕ ਹੈ। ਦੂਜੇ ਪਾਸੇ ਜਾਪਾਨੀ ਅਖਬਾਰ ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਸਰਕਾਰ ਨੂੰ ਇਸ ਪਰੀਖਣ ਦੇ ਬਾਰੇ ਵਿਚ ਜਾਣਕਾਰੀ ਸੀ। ਉਸ ਨੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਸੀ ਕਿ ਉੱਚ ਤਾਪਮਾਨ ਦੀ ਸਥਿਤੀ ਵਿਚ ਐਂਥਰੈਕਸ ਕਿਰਿਆਸ਼ੀਲ ਰਹਿੰਦਾ ਹੈ ਜਾਂ ਨਹੀਂ। ਜਾਪਾਨ ਵੱਲੋਂ ਲਗਾਏ ਇਸ ਦੋਸ਼ ਦਾ ਖੰਡਨ ਕਰਦੇ ਹੋਏ ਉੱਤਰੀ ਕੋਰੀਆ ਨੇ ਕਿਹਾ ਕਿ ਉਹ ਅਮਰੀਕਾ ਤੋਂ ਬਦਲਾ ਜ਼ਰੂਰ ਲਵੇਗਾ।
ਇੰਨਾ ਖਤਰਨਾਕ ਹੋ ਸਕਦਾ ਹੈ ਐਂਥਰੈਕਸ
ਐਂਥਰੈਕਸ ਇਕ ਖਤਰਨਾਕ ਅਤੇ ਜਾਨਲੇਵਾ ਰੋਗ ਹੈ ਅਤੇ ਇਹ ਬੈਸਿਲਸ ਐਂਥੇਰਿਕਸ ਨਾਂ ਦੇ ਜੀਵਾਣੂ ਕਾਰਨ ਫੈਲਦਾ ਹੈ। ਇਸ ਨੂੰ ਮਿਲਟਰੀ ਹਥਿਆਰ ਦੇ ਰੂਪ ਵਿਚ ਵਰਤਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਨੂੰ ਮਿਜ਼ਾਈਲ, ਰਾਕੇਟ ਜਾਂ ਬੰਬ ਦੇ ਸਹਾਰੇ ਛੱਡਿਆ ਜਾ ਸਕਦਾ ਹੈ। ਐਂਥਰੈਕਸ ਨੂੰ ਜਹਾਜ਼ ਜ਼ਰੀਏ ਛੱਡਿਆ ਜਾ ਸਕਦਾ ਹੈ। ਨਾਲ ਹੀ ਵੱਡੇ ਪੱਧਰ 'ਤੇ ਫੈਲਾਉਣ ਲਈ ਹਵਾਈ ਜਹਾਜ਼ ਦੀ ਮਦਦ ਨਾਲ ਇਸ ਦਾ ਸਪ੍ਰੇ ਕੀਤਾ ਜਾ ਸਕਦਾ ਹੈ। ਇਕ ਵਾਰੀ ਇਸ ਦੇ ਜੀਵਾਣੂ ਜਿੱਥੇ ਫੈਲ ਜਾਂਦੇ ਹਨ, ਕਈ ਦਹਾਕਿਆਂ ਤੱਕ ਉੱਥੇ ਬਣੇ ਰਹਿੰਦੇ ਹਨ। ਸ਼ੁਰੂਆਤ ਵਿਚ ਰੋਗੀ ਵਿਚ 2-3 ਦਿਨ ਤੱਕ ਬੁਖਾਰ ਜਾਂ ਜੁਕਾਮ ਜਿਹੇ ਲੱਛਣ ਦਿੱਸਦੇ ਹਨ। ਇਸ ਮਗਰੋਂ ਦੂਜੇ ਪੜਾਅ ਵਿਚ ਰੋਗੀ ਨੂੰ ਤੇਜ਼ ਬੁਖਾਰ, ਛਾਤੀ ਵਿਚ ਦਰਦ, ਸਾਹ ਲੈਣ ਵਿਚ ਮੁਸ਼ਕਲ ਜਾਂ ਝਟਕੇ ਲੱਗਣ ਜਿਹੀਆਂ ਮੁਸ਼ਕਲਾਂ ਆਉਂਦੀਆਂ ਹਨ। ਬੀਮਾਰੀ ਵਧਣ 'ਤੇ ਰੋਗੀ ਵਿਅਕਤੀ ਦੀ ਮੌਤ 2 ਦਿਨ ਦੇ ਅੰਦਰ ਹੋ ਸਕਦੀ ਹੈ।


Related News