ਪਿਛਲੇ ਸਾਲ ਹਮਲਿਆਂ ''ਚ 12,000 ਬੱਚੇ ਹੋਏ ਸ਼ਿਕਾਰ : ਯੂ. ਐੱਨ.
Tuesday, Jul 30, 2019 - 10:18 AM (IST)

ਨਿਊਯਾਰਕ— ਸੰਯੁਕਤ ਰਾਸ਼ਟਰ ਦੀ ਇਕ ਨਵੀਂ ਰਿਪੋਰਟ 'ਚ ਜਾਣਕਾਰੀ ਦਿੱਤੀ ਗਈ ਹੈ ਕਿ ਪਿਛਲੇ ਸਾਲ ਵਿਸ਼ਵ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਹਥਿਆਰਬੰਦ ਸੰਘਰਸ਼ਾਂ 'ਚ 12,000 ਤੋਂ ਵਧੇਰੇ ਬੱਚੇ ਮਾਰੇ ਗਏ ਜਾਂ ਜ਼ਖਮੀ ਹੋਏ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਬੱਚੇ ਅਫਗਾਨਿਸਤਾਨ, ਫਲਸਤੀਨ, ਸੀਰੀਆ ਅਤੇ ਯਮਨ 'ਚ ਜ਼ਖਮੀ ਹੋਏ। ਇਨ੍ਹਾਂ 'ਚ ਲੜਾਕਿਆਂ ਵਲੋਂ ਬੱਚਿਆਂ ਦੀ ਵਰਤੋਂ ਕੀਤੇ ਜਾਣ ਜਾਂ ਉਨ੍ਹਾਂ ਦੀ ਨਿਯੁਕਤੀ ਕਰਕੇ ਯੌਨ ਹਿੰਸਾ ਕਰਨਾ ਸ਼ਾਮਲ ਹੈ। ਇਸ ਦੇ ਨਾਲ ਹੀ ਕਈ ਬੱਚਿਆਂ ਦੀ ਸਕੂਲਾਂ ਅਤੇ ਹਸਪਤਾਲਾਂ 'ਤੇ ਹੋਏ ਹਮਲਿਆਂ ਕਾਰਨ ਮੌਤ ਹੋਈ, ਜਿਸ ਦੀ ਸੰਯੁਕਤ ਰਾਸ਼ਟਰ ਨੇ ਪੁਸ਼ਟੀ ਕੀਤੀ ਹੈ।
ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਤਾਰੇਸ ਦੀ ਬੱਚਿਆਂ ਅਤੇ ਹਥਿਆਰਬੰਦ ਸੰਘਰਸ਼ਾਂ 'ਤੇ ਸੁਰੱਖਿਆ ਪ੍ਰੀਸ਼ਦ ਨੂੰ ਸੌਂਪੀ ਗਈ ਸਲਾਨਾ ਰਿਪੋਰਟ ਮੁਤਾਬਕ ਹਥਿਆਰਬੰਦ ਸਮੂਹਾਂ ਵਲੋਂ ਕੀਤੇ ਜਾਣ ਵਾਲੇ ਅਪਰਾਧ ਨਿਯਮਿਤ ਤੌਰ 'ਤੇ ਹੋ ਰਹੇ ਹਨ ਪਰ ਸਰਕਾਰ ਅਤੇ ਕੌਮਾਂਤਰੀ ਫੌਜ ਵਲੋਂ ਕੀਤੇ ਜਾਣ ਵਾਲੇ ਅਪਰਾਧਾਂ ਦੀ ਗਿਣਤੀ 'ਚ ਖਤਰਨਾਕ ਵਾਧਾ ਦੇਖਿਆ ਗਿਆ ਹੈ। ਬੱਚਿਆਂ ਖਿਲਾਫ ਅਪਰਾਧ ਕਰਨ ਵਾਲੇ ਦੇਸ਼ਾਂ ਨੂੰ ਸੰਯੁਕਤ ਰਾਸ਼ਟਰ ਦੀ ਕਾਲੀ ਸੂਚੀ 'ਚ ਸ਼ਾਮਲ ਕੀਤਾ ਗਿਆ ਹੈ ਪਰ ਇਸ ਸੂਚੀ 'ਚ ਅਜੇ ਵੀ ਕੋਈ ਬਦਲਾਅ ਨਹੀਂ ਹੋਇਆ ਹੈ ਜਿਸ ਨਾਲ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਕਈ ਸਮੂਹਾਂ 'ਚ ਗੁੱਸਾ ਹੈ।