ਬੰਗਲਾਦੇਸ਼ ''ਚ ਰੋਹਿੰਗਿਆ ਸ਼ਰਨਾਰਥੀਆਂ ਲਈ ਹਾਲਾਤ ਬੜੇ ਮੁਸ਼ਕਿਲ ਭਰੇ : ਅਮਰੀਕੀ ਅਧਿਕਾਰੀ
Thursday, Nov 09, 2017 - 02:28 AM (IST)

ਵਾਸ਼ਿੰਗਟਨ— ਹਾਲ ਹੀ 'ਚ ਬੰਗਲਾਦੇਸ਼ ਦਾ ਦੌਰਾ ਕਰਨ ਵਾਲੇ ਇਕ ਚੋਟੀ ਦੇ ਅਮਰੀਕੀ ਅਧਿਕਾਰੀ ਨੇ ਰੋਹਿੰਗਿਆ ਸ਼ਰਨਾਰਥੀ ਸੰਕਟ 'ਤੇ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਉਥੇ ਘੱਟਗਿਣਤੀ ਮੁਸਲਿਮ ਭਾਈਚਾਰੇ ਦੇ ਵਿਰੁੱਧ ਕੀਤੀ ਗਈ 'ਧੱਕੇਸ਼ਾਹੀ ਦੇ ਸਬੂਤ' ਦੇਖੇ। ਉਨ੍ਹਾਂ ਕਿਹਾ ਕਿ ਉਥੇ ਸ਼ਰਨਾਰਥੀਆਂ ਦੇ ਰਹਿਣ ਲਈ ਹਾਲਾਤ ਬੜੇ ਮੁਸ਼ਕਿਲ ਭਰੇ ਹਨ।
ਯਾਮਾਂ 'ਚ ਹਿੰਸਾ ਤੋਂ ਬਚਣ ਲਈ ਲੱਖਾਂ ਰੋਹਿੰਗਿਆ ਮੁਸਲਮਾਨ ਉਥੋਂ ਭੱਜ ਆਏ ਹਨ। ਸੰਯੁਕਤ ਰਾਸ਼ਟਰ ਅਨੁਸਾਰ ਯਾਮਾਂ ਦੇ ਰਖਾਇਨ ਸੂਬੇ 'ਚ ਸੁਰੱਖਿਆ ਬਲਾਂ ਵਲੋਂ ਮੁਸਲਮਾਨਾਂ ਵਿਰੁੱਧ 25 ਅਗਸਤ ਨੂੰ ਮੁਹਿੰਮ ਸ਼ੁਰੂ ਕਰਨ ਮਗਰੋਂ ਲਗਭਗ 6 ਲੱਖ ਤੋਂ ਵੱਧ ਰੋਹਿੰਗਿਆ ਮੁਸਲਮਾਨ ਸਰਹੱਦ ਪਾਰ ਕਰਕੇ ਬੰਗਲਾਦੇਸ਼ ਆ ਗਏ। ਆਬਾਦੀ, ਸ਼ਰਨਾਰਥੀ ਅਤੇ ਪ੍ਰਵਾਸੀ ਮਾਮਲਿਆਂ ਦੇ ਕਾਰਜਕਾਰੀ ਸਹਾਇਕ ਵਿਦੇਸ਼ ਮੰਤਰੀ ਹੇਨਸ਼ਾ ਨੇ ਕੱਲ ਇਕ ਪ੍ਰੈੱਸ ਕਾਨਫਰੰਸ ਵਿਚ ਕਿਹਾ, ''ਅਸੀਂ ਕੈਂਪਾਂ ਵਿਚ ਜੋ ਦੇਖਿਆ, ਉਹ ਹੈਰਾਨ ਕਰ ਦੇਣ ਵਾਲਾ ਸੀ। ਸ਼ਰਨਾਰਥੀ ਸੰਕਟ ਭਿਆਨਕ ਹੈ।''