ਕਾਮਨਵੈਲਥ ਖੇਡਾਂ ''ਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰੇਗੀ ਹਰੀਕੇ ਪੱਤਣ ਦੀ ਰੁਪਿੰਦਰ ਕੌਰ ਸੰਧੂ

03/04/2018 4:57:27 PM

ਮੈਲਬੌਰਨ (ਬਿਊਰੋ)— ਗੋਲਡ ਕੋਸਟ ਵਿਚ ਹੋਣ ਜਾ ਰਹੀਆਂ ਕਾਮਨਵੈਲਥ ਖੇਡਾਂ ਦਹਾਕੇ ਤੋਂ ਵੱਧ ਸਮੇਂ ਬਾਅਦ ਆਸਟ੍ਰੇਲੀਆ ਵਿਚ ਹੋਣ ਜਾ ਰਹੀਆਂ ਹਨ। ਸਾਲ 2018 ਦੀਆਂ ਕਾਮਨਵੈਲਥ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਵਿਚ ਆਸਟ੍ਰੇਲੀਆ ਦੀ ਨੁਮਾਇੰਦਗੀ ਇਸ ਵਾਰੀ ਪੰਜਾਬ ਨਾਲ ਸੰਬੰਧਿਤ ਖਿਡਾਰੀ ਰੁਪਿੰਦਰ ਕੌਰ ਸੰਧੂ ਕਰੇਗੀ। ਹਰੇਕੇ ਪੱਤਣ ਦੀ ਜੰਮੀ ਰੁਪਿੰਦਰ ਕੌਰ ਸੰਧੂ ਇਨ੍ਹਾਂ ਖੇਡਾਂ ਵਿਚ 50 ਕਿਲੋਂ ਭਾਰ ਵਰਗ ਵਿਚ ਕੁਸ਼ਤੀ ਮੁਕਾਬਲਿਆਂ ਵਿੱਚ ਹਿੱਸਾ ਲਵੇਗੀ। ਹੁਣ ਤੱਕ ਵੱਖ-ਵੱਖ ਕੌਮੀ ਅਤੇ ਅੰਤਰ ਰਾਸ਼ਟਰੀ ਮੁਕਾਬਲਿਆਂ ਵਿਚ ਹਿੱਸਾ ਲੈ ਚੁੱਕੀ ਰੁਪਿੰਦਰ ਨੇ ਇਸ ਪ੍ਰਾਪਤੀ ਬਾਰੇ ਇਕ ਇੰਟਰਵਿਊ ਵਿਚ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਉਸ ਦਾ ਟੀਚਾ ਆਸਟ੍ਰੇਲੀਆ ਲਈ ਸੋਨ ਤਮਗਾ ਜਿੱਤਣਾ ਹੈ ਅਤੇ ਇਸ ਲਈ ਉਹ ਲੰਮੇਂ ਸਮੇਂ ਤੋਂ ਮਿਹਨਤ ਕਰ ਰਹੀ ਹੈ। 
ਕਰੀਬ 11 ਸਾਲ ਪਹਿਲਾਂ ਆਸਟ੍ਰੇਲੀਆ ਆਈ ਰੁਪਿੰਦਰ ਕੌਰ ਸੰਧੂ ਨੂੰ ਚੰਗੇ ਖੇਡ ਪ੍ਰਦਰਸ਼ਨ ਬਦੌਲਤ ਰੈਸਲਿੰਗ ਐਸੋਸੀਏਸ਼ਨ ਨੇ ਸਪਾਂਸਰ ਕੀਤਾ ਅਤੇ ਉਸ ਨੂੰ ਆਸਟ੍ਰੇਲੀਅਨ ਪੀ. ਆਰ. ਮਿਲੀ। ਇਸ ਮਗਰੋਂ ਸਾਲ 2014 ਦੀਆਂ ਗਲਾਸਰੀ ਵਿਚ ਹੋਈਆਂ ਕਾਮਨਵੈਲਥ ਖੇਡਾਂ ਵਿਚ 200 ਗ੍ਰਾਮ ਭਾਰ ਦੇ ਵਾਧੇ ਕਾਰਨ ਉਸ ਨੂੰ ਮਜ਼ਬੂਰਨ 48 ਕਿਲੋ ਵਰਗ ਦੀ ਥਾਂ 53 ਕਿਲੋ ਵਿਚ ਖੇਡਣਾ ਪਿਆ। ਰੁਪਿੰਦਰ ਕੌਰ ਸੰਧੂ ਜੌਹਨਸਬਰਗ ਵਿਚ ਅੰਤਰ ਰਾਸ਼ਟਰੀ ਕੁਸ਼ਤੀ ਮੁਕਾਬਲਿਆਂ ਵਿਚ ਕਾਂਸੇ ਦੇ ਤਮਗੇ ਤੋਂ ਇਲਾਵਾ ਦਸੰਬਰ 2017 ਵਿਚ ਆਸਟਰੇਲੀਆ ਨੈਸ਼ਨਲ ਚੈਂਪੀਅਨਸ਼ਿਪ ਸਮੇਤ ਕੌਮੀ ਮੁਕਾਬਲਿਆਂ ਵਿਚ ਵੀ ਸੋਨ ਤਮਗੇ ਜਿੱਤ ਚੁੱਕੀ ਹੈ।


Related News