ਇਟਲੀ ’ਚ ਦਸਤਾਰ ਦੀ ਬੇਅਦਬੀ ਕਰਨ ਵਾਲੀ ਕੰਪਨੀ ਨੇ ਸਿੱਖ ਭਾਈਚਾਰੇ ਤੋਂ ਮੰਗੀ ਮੁਆਫ਼ੀ
Tuesday, Mar 07, 2023 - 01:07 AM (IST)
ਮਿਲਾਨ (ਇਟਲੀ) (ਸਾਬੀ ਚੀਨੀਆ) : ਇਟਲੀ ’ਚ ਵੈਟਰਨਰੀ ਕਲੀਨਿਕ ਵਿਭਾਗ ਵੱਲੋਂ ਆਪਣੇ ਕਾਰੋਬਾਰੀ ਪ੍ਰਚਾਰ ਲਈ ਬੱਸਾਂ ਦੇ ਪਿੱਛੇ ਕੁੱਤੇ ਦੇ ਸਿਰ ’ਤੇ ਦਸਤਾਰ ਬੱਝੀ ਫੋਟੋ ਬਣਾ ਕੇ ਸਿੱਖ ਪੰਥ ਨਾਲ ਜੋ ਖਿਲਵਾੜ ਕੀਤਾ ਗਿਆ ਸੀ, ਉਸ ਮੁੱਦੇ ’ਤੇ ਤੁਰੰਤ ਹਰਕਤ ’ਚ ਆਉਂਦਿਆਂ ਇਟਲੀ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜਿਨ੍ਹਾਂ ’ਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਅਤੇ ਸਿੱਖ ਕਮਿਊਨਿਟੀ ਇਟਲੀ ਨੇ ਕਾਰਵਾਈ ਕਰਦਿਆਂ ਜ਼ਿੰਮੇਵਾਰ ਇਟਾਲੀਅਨ ਅਧਿਕਾਰੀਆਂ ਤੱਕ ਪਹੁੰਚ ਕਰਕੇ ਉਨ੍ਹਾਂ ਨੂੰ ਇਸ ਵੱਡੀ ਗ਼ਲਤੀ ਦਾ ਅਹਿਸਾਸ ਦੁਆਇਆ, ਜਿਸ ’ਤੇ ਵੈਟਰਨਰੀ ਕਲੀਨਿਕ ਵਿਭਾਗ ਦੀ ਮਿਲਾਨ ਸਥਿਤ ਮੈਨੇਜਰ ਨੇ ਸਿੱਖ ਭਾਈਚਾਰੇ ਤੋਂ ਲਿਖਤੀ ਤੌਰ ’ਤੇ ਮੁਆਫ਼ੀ ਮੰਗ ਲਈ ਹੈ।
ਇਹ ਖ਼ਬਰ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ : ਅਦਾਲਤ ਨੇ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਸੁਮੇਧ ਸੈਣੀ ਨੂੰ ਸੰਮਨ ਕੀਤੇ ਜਾਰੀ
ਕੰਪਨੀ ਦੇ ਅਧਿਕਾਰੀ ਨੇ ਸਿੱਖ ਆਗੂਆ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਜਲਦ ਤੋਂ ਜਲਦ ਹੀ ਬੱਸਾਂ ਪਿੱਛੋਂ ਸਾਰੇ ਬੋਰਡ ਉਤਾਰ ਦਿੱਤੇ ਜਾਣਗੇ, ਜਿਸ ਨਾਲ ਸਿੱਖ ਜਗਤ ਦੀਆਂ ਭਾਵਨਾਵਾਂ ਨੂੰ ਡੂੰਘੀ ਸੱਟ ਵੱਜੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਸੋਸ਼ਲ ਮੀਡੀਆ ਜਾਂ ਫਿਰ ਹੋਰ ਜਿੱਥੇ ਵੀ ਉਨ੍ਹਾਂ ਕੋਲੋਂ ਉਕਤ ਤਸਵੀਰਾਂ ਨੂੰ ਪ੍ਰਕਾਸ਼ਿਤ ਕੀਤਾ ਹੈ, ਨੂੰ ਤੁਰੰਤ ਪ੍ਰਭਾਵ ਨਾਲ ਡਿਲੀਟ ਕਰ ਦਿੱਤਾ ਜਾਵੇਗਾ। ਜਿਸ ਸਬੰਧੀ ਪੂਰੀ ਜਾਣਕਾਰੀ ਦਿੰਦਿਆਂ ਭਾਈ ਰਵਿੰਦਰਜੀਤ ਸਿੰਘ ਪ੍ਰਧਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ, ਸੁਰਿੰਦਰਜੀਤ ਸਿੰਘ ਪੰਡੋਰੀ ਮੁੱਖ ਸੇਵਾਦਾਰ ਗੁਰਦੁਆਰਾ ਸਿੰਘ ਸਭਾ ਫਲੇਰੋ ਅਤੇ ਸੁਖਦੇਵ ਸਿੰਘ ਕੰਗ ਪ੍ਰਧਾਨ ਇੰਡੀਅਨ ਸਿੱਖ ਕਮਿਊਨਿਟੀ ਇਟਲੀ ਆਦਿ ਨੇ ਦੱਸਿਆ ਕਿ ਜਾਨਵਰਾਂ ਦੀ ਮੈਡੀਸਨ ਬਣਾਉਣ ਵਾਲੀ ਜਰਮਨ ਦੀ ਇਕ ਕੰਪਨੀ ਵੱਲੋਂ ਆਪਣੇ ਪ੍ਰਚਾਰ ਲਈ ਜੋ ਸੱਮਗਰੀ ਤਿਆਰ ਕੀਤੀ ਗਈ ਸੀ, ਉਸ ਨੂੰ ਇਟਲੀ ਦੇ 7 ਜ਼ਿਲ੍ਹਿਆਂ ’ਚ ਪ੍ਰਚਾਰ ਲਈ ਬੱਸਾਂ ’ਤੇ ਪ੍ਰਕਾਸ਼ਿਤ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਇਸ ਬਾਰੇ ਕੋਈ ਬਾਰੇ ਜਾਣਕਾਰੀ ਨਹੀਂ ਸੀ ਕਿ ਅਜਿਹਾ ਕਰਨ ਨਾਲ ਸਿੱਖ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇਗੀ ! ਜਿਸ ਲਈ ਉਹ ਲਿਖਤੀ ਤੌਰ ’ਤੇ ਮੁਆਫ਼ੀ ਮੰਗਦੇ ਹਨ।
ਇਹ ਖ਼ਬਰ ਵੀ ਪੜ੍ਹੋ : ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਅਧਿਆਪਕਾਂ ਨੂੰ ਲਿਖਿਆ ਪੱਤਰ, ਕੀਤੀ ਖ਼ਾਸ ਅਪੀਲ