ਕੋਰੋਨਾ ਨਾਲ ਜੰਗ ਲਈ ਅਮਰੀਕਾ ਖਰਚੇਗਾ 2 ਖਰਬ ਡਾਲਰ, ਨਿਗਰਾਨੀ ਲਈ ਬਣਾਈ ਗਈ ਕਮੇਟੀ
Thursday, Apr 30, 2020 - 08:03 AM (IST)
ਵਾਸ਼ਿੰਗਟਨ- ਅਮਰੀਕੀ ਕਾਂਗਰਸ ਦੇ ਹੇਠਲੇ ਸਦਨ ਹਾਊਸ ਆਫ ਰੀਪ੍ਰੈਜ਼ੈਂਟੇਟਿਵ (ਪ੍ਰਤੀਨਿਧੀ ਸਦਨ) ਨੇ ਗਲੋਬਲ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵਲੋਂ ਖਰਚ ਕੀਤੇ ਜਾ ਰਹੇ 2 ਖਰਬ ਡਾਲਰ ਦੀ ਸਹੀ ਵਰਤੋਂ ਦੀ ਨਿਗਰਾਨੀ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ। ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਨੇ ਬੁੱਧਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿਚ ਇਹ ਜਾਣਕਾਰੀ ਦਿੱਤੀ। ਪੇਲੋਸੀ ਨੇ ਕਿਹਾ, "ਅਸੀਂ ਕੋਰੋਨਾ ਵਾਇਰਸ 'ਤੇ ਇਕ ਕਮੇਟੀ ਬਣਾਈ ਹੈ ਜੋ ਖਰਚਿਆਂ 'ਤੇ ਨਜ਼ਰ ਰੱਖੇਗੀ ਤਾਂਕਿ ਇਸ ਦੌਰਾਨ ਭ੍ਰਿਸ਼ਟਾਚਾਰ ਤੋਂ ਬਚਿਆ ਜਾ ਸਕੇ।"
ਕਮੇਟੀ ਇਹ ਵੀ ਸੁਨਿਸ਼ਚਿਤ ਕਰੇਗੀ ਕਿ ਵਿਗਿਆਨ ਅਤੇ ਸਿਹਤ ਮਾਹਰਾਂ ਦੀ ਸਲਾਹ ਤੋਂ ਬਾਅਦ ਹੀ ਕੋਈ ਵੀ ਖਰਚਾ ਹੋਵੇ। ਕਾਂਗਰਸ ਦੇ ਜਿੰਮ ਕਲਾਈਬਰਨ ਨੂੰ ਇਸ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ, ਜਿਸ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਛੇ ਮੈਂਬਰ ਸ਼ਾਮਲ ਹਨ। ਇਸ ਤੋਂ ਇਲਾਵਾ ਕਮੇਟੀ ਵਿਚ ਰੀਪਬਲੀਕਨ ਪਾਰਟੀ ਦੇ ਮੈਂਬਰਾਂ ਨੂੰ ਵੀ ਇਸ ਸ਼ਾਮਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਕੋਵਿਡ-19 ਨਾਲ ਬੁਰੀ ਤਰ੍ਹਾਂ ਜੂਝ ਰਹੇ ਅਮਰੀਕਾ ਵਿਚ 60 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜੌਨ ਹੌਪਿੰਕਸ ਯੂਨੀਵਰਸਿਟੀ ਦੇ ਸੈਂਟਰ ਫਾਰ ਸਾਇੰਸ ਐਂਡ ਇੰਜੀਨੀਅਰਿੰਗ ਵਲੋਂ ਜਾਰੀ ਤਾਜ਼ਾ ਅੰਕੜਿਆਂ ਦੇ ਅਨੁਸਾਰ, ਅਮਰੀਕਾ ਵਿਚ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 60 ਹਜ਼ਾਰ ਤੋਂ ਪਾਰ ਹੋ ਕੇ 60,876 ਹੋ ਗਈ ਹੈ, ਜਦੋਂ ਕਿ ਪੀੜਤਾਂ ਦੀ ਗਿਣਤੀ 10 ਲੱਖ ਨੂੰ ਪਾਰ ਕਰ ਕਰਕੇ 10,38,451 ਹੋ ਗਈ ਹੈ।