ਵਣਜ ਮੰਤਰੀ ਪੀਊਸ਼ ਗੋਇਲ ਅਗਲੇ ਮਹੀਨੇ ਚੀਨ ਦੀ ਯਾਤਰਾ ਕਰਨਗੇ
Thursday, Jul 25, 2019 - 05:16 PM (IST)

ਬੀਜਿੰਗ — ਵਣਜ ਮੰਤਰੀ ਪਿਊਸ਼ ਗੋਇਲ ਅਗਲੇ ਮਹੀਨੇ ਦੀ ਸ਼ੁਰੂਆਤ 'ਚ ਬੀਜਿੰਗ ਦੀ ਯਾਤਰਾ 'ਤੇ ਆਉਣਗੇ। ਇਸ ਦੌਰਾਨ ਉਹ ਖੇਤਰੀ ਵਿਆਪਕ ਆਰਥਿਕ ਭਾਈਵਾਲੀ(RCEP) ਦੇ 8ਵੇਂ ਦੌਰ ਦੀ ਮੰਤਰੀ-ਪੱਧਰੀ ਬੈਠਕ ਵਿਚ ਹਿੱਸਾ ਲੈਣਗੇ। ਇਸ ਦੌਰਾਨ ਗੋਇਲ ਦੇ ਦੋਵਾਂ ਦੇਸ਼ ਦੇ ਵਿਚਕਾਰ ਤੇਜ਼ੀ ਨਾਲ ਵਧ ਰਹੇ ਵਪਾਰ ਘਾਟੇ ਦੀ ਸਮੱਸਿਆ ਦੇ ਹੱਲ ਲਈ ਆਪਣੇ ਚੀਨੀ ਹਮਰੁਤਬਾ ਨਾਲ ਚਰਚਾ ਦੀ ਸੰਭਾਵਨਾ ਹੈ। ਉਦਯੋਗ ਅਤੇ ਰੇਲ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਸੰਭਾਲਨ ਵਾਲੇ ਗੋਇਲ 2-3 ਅਗਸਤ ਨੂੰ ਬੀਜਿੰਗ ਦੀ ਯਾਤਰਾ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ 'ਚ ਉਹ ਚੀਨ ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਮੰਤਰੀ ਹੋਣਗੇ। ਭਾਰਤੀ ਦੂਤਘਰ ਨੇ ਵੀਰਵਾਰ ਨੂੰ ਕਿਹਾ ਕਿ ਗੋਇਲ ਆਰ.ਸੀ.ਈ.ਪੀ. ਦੀ ਮੰਤਰੀ ਪੱਧਰੀ ਬੈਠਕ ਵਿਚ ਹਿੱਸਾ ਲੈਣਗੇ। ਦੁਵੱਲੇ ਵਪਾਰ ਨਾਲ ਜੁੜੇ ਮੁੱਦੇ ਅਤੇ ਆਰ.ਸੀ.ਈ.ਪੀ. ਵਾਰਤਾ ਦੇ ਹਵਾਲੇ ਨਾਲ ਉਨ੍ਹਾਂ ਦੀ ਯਾਤਰਾ ਨੂੰ ਮਹੱਤਵਪੂਰਣ ਸਮਝਿਆ ਜਾ ਰਿਹਾ ਹੈ। ਵਿਦੇਸ਼ ਮੰਤਰੀ ਐਸ.ਜੈਸ਼ੰਕਰ ਦੇ ਵੀ ਅਗਲੇ ਮਹੀਨੇ ਬੀਜਿੰਗ ਦੀ ਯਾਤਰਾ 'ਤੇ ਆਉਣ ਦੀ ਸੰਭਾਵਨਾ ਹੈ। ਗੋਇਲ ਨੇ ਇਹ ਯਾਤਰਾ ਚੀਨ ਦੇ ਰਾਸ਼ਟਰਪਤੀ ਸ਼ੀ ਚਿਨਫਿੰਗ ਦੀ ਇਸ ਸਾਲ ਬਾਅਦ ਹੋਣ ਵਾਲੀ ਭਾਰਤ ਦੀ ਯਾਤਰਾ ਤੋਂ ਪਹਿਲਾਂ ਹੋ ਰਹੀ ਹੈ। ਇਸ ਸਾਲ ਦੇ ਆਖਿਰ 'ਚ ਸ਼ੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਦੂਜੀ ਇਨਫੋਰਮਲ ਸਿਖਰ ਵਾਰਤਾ ਹੋਣੀ ਹੈ। ਇਸ ਤੋਂ ਪਹਿਲਾਂ ਦੋਵੇਂ ਨੇਤਾ ਚੀਨ ਦੇ ਵੁਹਾਨ ਵਿਚ ਮਿਲੇ ਸਨ।