ਕੋਰੋਨਾ ਵਾਇਰਸ ਕਾਰਨ ਕੋਲੰਬੀਆ ਯੂਨੀਵਰਸਿਟੀ ਤੇ ਨਿਊਯਾਰਕ ਦੇ ਸਕੂਲ ਬੰਦ

03/09/2020 2:16:32 PM

ਨਿਊਯਾਰਕ— ਕੋਰੋਨਾ ਵਾਇਰਸ ਦੇ ਮਾਮਲੇ 100 ਤੋਂ ਪਾਰ ਹੋਣ ਮਗਰੋਂ ਨਿਊਯਾਰਕ 'ਚ ਸਕੂਲਾਂ ਤੇ ਕਾਲਜਾਂ ਦੀਆਂ ਕਲਾਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਵਾਇਰਸ ਕਾਰਨ ਐਮਰਜੈਂਸੀ ਸਥਿਤੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ। ਇੱਥੇ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਮਾਮਲੇ ਵਧ ਕੇ 106 ਹੋ ਗਏ, ਜਿਸ ਦੇ ਬਾਅਦ ਸੂਬੇ ਦੇ ਸਕੂਲਾਂ ਤੇ ਕੋਲੰਬੀਆ ਯੂਨੀਵਰਸਿਟੀ ਦੀਆਂ ਕਲਾਸਾਂ ਨੂੰ ਬੰਦ ਕਰਨ ਲਈ ਮਜਬੂਰ ਹੋਣਾ ਪਿਆ। ਜ਼ਿਕਰਯੋਗ ਹੈ ਕਿ ਪੂਰੇ ਅਮਰੀਕਾ 'ਚ 550 ਲੋਕ ਵਾਇਰਸ ਦੀ ਲਪੇਟ 'ਚ ਹਨ ਤੇ 21 ਲੋਕਾਂ ਦੀ ਮੌਤ ਹੋ ਚੁੱਕੀ ਹੈ।


ਇਕ ਮਾਧਿਅਮ ਸਕੂਲ ਦੇ ਅਧਿਆਪਕ 'ਚ ਕੋਰੋਨਾ ਦੇ ਲੱਛਣ ਮਿਲੇ ਹਨ, ਜਿਸ ਮਗਰੋਂ ਨਿਊਯਾਰਕ ਦੇ ਵੈਸਟਚੈਸਟਰ ਕਾਊਂਟੀ ਦੇ ਸਥਾਨਕ ਸਿੱਖਿਆ ਵਿਭਾਗ ਨੇ ਜ਼ਿਲੇ ਦੇ ਸਾਰੇ ਸਕੂਲਾਂ ਨੂੰ 9 ਤੋਂ18 ਮਾਰਚ ਤਕ ਲਈ ਬੰਦ ਕਰਨ ਦੀ ਘੋਸ਼ਣਾ ਕੀਤੀ।
ਨਿਊਯਾਰਕ ਦੇ ਗਵਰਨਰ ਐਂਡਰੀਊ ਕਿਊਮੋ ਨੇ ਵਾਇਰਸ ਫੈਲਣ ਤੋਂ ਰੋਕਣ ਲਈ ਸ਼ਨੀਵਾਰ ਨੂੰ 'ਐਮਰਜੈਂਸੀ ਸਥਿਤੀ' ਦੀ ਘੋਸ਼ਣਾ ਕੀਤੀ ਸੀ। ਕੋਲੰਬੀਆ ਸਮੂਹ ਦਾ ਇਕ ਮੈਂਬਰ ਕੋਰੋਨਾ ਵਾਇਰਸ ਦੇ ਸੰਪਰਕ 'ਚ ਆ ਗਿਆ ਜਿਸ ਦੇ ਬਾਅਦ ਉਸ ਨੂੰ ਵੱਖਰਾ ਰੱਖਿਆ ਗਿਆ, ਜਿਸ ਦੇ ਚੱਲਦਿਆਂ ਕੋਲੰਬੀਆ ਯੂਨੀਵਰਸਿਟੀ ਨੇ ਇਕ ਮਹੱਤਵਪੂਰਣ ਕਦਮ ਚੁੱਕਦਿਆਂ ਸੋਮਵਾਰ ਤੇ ਮੰਗਲਵਾਰ ਲਈ ਕਲਾਸਾਂ ਰੱਦ ਕਰਨ ਦੀ ਘੋਸ਼ਣਾ ਕੀਤੀ। ਯੂਨੀਵਰਸਿਟੀ ਦੇ ਮੁਖੀ ਨੇ ਕਿਹਾ ਕਿ ਇਸ ਦੌਰਾਨ ਉਹ ਕਿਸੇ ਸੁਰੱਖਿਅਤ ਸਥਾਨ 'ਤੇ ਕਲਾਸਾਂ ਲਗਾਉਣ ਲਈ ਕੋਸ਼ਿਸ਼ ਕਰ ਸਕਦੇ ਹਨ। ਇਹ ਕਦਮ ਸਿਰਫ ਵਾਇਰਸ ਦੀ ਰੋਕਥਾਮ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ।


Related News