ਟੇਕਆਫ਼ ਕਰਨ ਦੇ 1.5 KM ਬਾਅਦ ਹੀ ਕ੍ਰੈਸ਼ ਹੋ ਗਿਆ ਜਹਾਜ਼ ! ਕੋਲੰਬੀਆ ਦੇ 66 ਫ਼ੌਜੀ ਜਵਾਨਾਂ ਦੀ ਹੋਈ ਬੇਵਕਤੀ ਮੌਤ

Tuesday, Mar 24, 2026 - 09:35 AM (IST)

ਟੇਕਆਫ਼ ਕਰਨ ਦੇ 1.5 KM ਬਾਅਦ ਹੀ ਕ੍ਰੈਸ਼ ਹੋ ਗਿਆ ਜਹਾਜ਼ ! ਕੋਲੰਬੀਆ ਦੇ 66 ਫ਼ੌਜੀ ਜਵਾਨਾਂ ਦੀ ਹੋਈ ਬੇਵਕਤੀ ਮੌਤ

ਇੰਟਰਨੈਸ਼ਨਲ ਡੈਸਕ- ਸੋਮਵਾਰ ਨੂੰ ਦੱਖਣੀ ਅਮਰੀਕਾ ਦੇ ਕੋਲੰਬੀਆ ਦੇ ਪੁਤੁਮਾਯੋ ਇਲਾਕੇ ਇਕ ਫ਼ੌਜੀ ਜਹਾਜ਼ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਕੇ ਕ੍ਰੈਸ਼ ਹੋ ਗਿਆ ਸੀ, ਜਿਸ ਮਗਰੋਂ ਵੱਡੇ ਪੱਧਰ 'ਤੇ ਜਾਨ ਮਾਲ ਦੇ ਨੁਕਸਾਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਸੀ। ਹੁਣ ਇਹ ਖ਼ਦਸ਼ਾ ਸੱਚ ਹੁੰਦਾ ਜਾ ਰਿਹਾ ਹੈ ਤੇ ਹੁਣ ਤੱਕ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ 66 ਤੱਕ ਪਹੁੰਚ ਗਈ ਹੈ। 

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਕੋਲੰਬੀਆਈ ਹਵਾਈ ਫ਼ੌਜ ਦਾ ਇੱਕ C-130 ਹਰਕੂਲਸ ਟ੍ਰਾਂਸਪੋਰਟ ਜਹਾਜ਼ ਟੇਕਆਫ਼ ਕਰਨ ਦੇ ਕੁਝ ਦੇਰ ਬਾਅਦ ਹੀ ਕ੍ਰੈਸ਼ ਹੋ ਗਿਆ। ਇਸ ਜਹਾਜ਼ ਨੇ ਪੇਰੂ ਦੀ ਸਰਹੱਦ ਨੇੜੇ ਸਥਿਤ ਪੋਰਟੋ ਲੇਗੁਈਜ਼ਾਮੋ ਤੋਂ ਟੇਕਆਫ਼ ਕੀਤਾ ਸੀ ਤੇ ਸਿਰਫ਼ 1.5 ਕਿਲੋਮੀਟਰ ਬਾਅਦ ਹੀ ਜਹਾਜ਼ ਦਾ ਸੰਤੁਲਨ ਵਿਗੜ ਗਿਆ। ਜਹਾਜ਼ ਦਾ ਇੱਕ ਵਿੰਗ ਦਰੱਖਤ ਨਾਲ ਟਕਰਾ ਗਿਆ ਤੇ ਉਹ ਜੰਗਲ ਵਿੱਚ ਜਾ ਡਿੱਗਿਆ। ਜਹਾਜ਼ ਵਿੱਚ ਫ਼ੌਜੀ ਜਵਾਨਾਂ ਦੇ ਨਾਲ-ਨਾਲ ਭਾਰੀ ਮਾਤਰਾ ਵਿੱਚ ਗੋਲਾ-ਬਾਰੂਦ ਅਤੇ ਵਿਸਫੋਟਕ ਵੀ ਲਿਜਾਇਆ ਜਾ ਰਿਹਾ ਸੀ। ਹਾਦਸੇ ਤੋਂ ਬਾਅਦ ਜਹਾਜ਼ ਨੂੰ ਲੱਗੀ ਅੱਗ ਕਾਰਨ ਇਹ ਧਮਾਕੇ ਹੋਏ, ਜਿਸ ਨਾਲ ਬਚਾਅ ਕਾਰਜਾਂ ਵਿੱਚ ਭਾਰੀ ਮੁਸ਼ਕਲ ਆਈ।

ਇਹ ਵੀ ਪੜ੍ਹੋ- ''Thank You, India..!'', ਜੰਗ ਵਿਚਾਲੇ ਭਾਰਤੀਆਂ ਵੱਲੋਂ ਆਈ ਮਦਦ 'ਤੇ ਇਰਾਨ ਨੇ ਕੀਤਾ ਧੰਨਵਾਦ

ਜਹਾਜ਼ ਵਿੱਚ ਕੁੱਲ 125 ਲੋਕ ਸਵਾਰ ਸਨ, ਜਿਨ੍ਹਾਂ ਵਿੱਚ 114 ਫ਼ੌਜੀ ਜਵਾਨ ਅਤੇ 11 ਕ੍ਰੂ ਮੈਂਬਰ ਸ਼ਾਮਲ ਸਨ। ਇਸ ਹਾਦਸੇ 'ਚ ਹੁਣ ਤੱਕ ਘੱਟੋ-ਘੱਟ 66 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ 'ਚੋਂ ਕਈਆਂ ਦੀ ਹਾਲਤ ਅਤਿ ਗੰਭੀਰ ਦੱਸੀ ਜਾ ਰਹੀ ਹੈ। ਸਥਾਨਕ ਲੋਕਾਂ ਨੇ ਸਭ ਤੋਂ ਪਹਿਲਾਂ ਮੌਕੇ 'ਤੇ ਪਹੁੰਚ ਕੇ ਜ਼ਖ਼ਮੀਆਂ ਨੂੰ ਮੋਟਰਸਾਈਕਲਾਂ ਰਾਹੀਂ ਨੇੜਲੀਆਂ ਕਲੀਨਿਕਾਂ ਤੱਕ ਪਹੁੰਚਾਇਆ। ਬਾਅਦ ਵਿੱਚ ਫ਼ੌਜੀ ਹੈਲੀਕਾਪਟਰਾਂ ਰਾਹੀਂ ਗੰਭੀਰ ਜ਼ਖ਼ਮੀਆਂ ਨੂੰ ਰਾਜਧਾਨੀ ਬੋਗੋਟਾ ਭੇਜਿਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਇਸ ਹਾਦਸੇ 'ਤੇ ਕੋਲੰਬੀਆ ਦੇ ਰਾਸ਼ਟਰਪਤੀ ਗੁਸਤਾਵੋ ਪੇਤਰੋ ਨੇ ਡੂੰਘਾ ਦੁੱਖ ਜਤਾਇਆ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਇਹ ਹਾਦਸਾ ਨਹੀਂ ਹੋਣਾ ਚਾਹੀਦਾ ਸੀ। ਉਨ੍ਹਾਂ ਨੇ ਫ਼ੌਜੀ ਸਾਜ਼ੋ-ਸਾਮਾਨ ਦੇ ਆਧੁਨਿਕੀਕਰਨ ਵਿੱਚ ਹੋ ਰਹੀ ਦੇਰੀ 'ਤੇ ਵੀ ਸਵਾਲ ਚੁੱਕੇ ਅਤੇ ਕਿਹਾ ਕਿ ਪ੍ਰਸ਼ਾਸਨਿਕ ਸੁਸਤੀ ਕਾਰਨ ਸਾਡੇ ਨੌਜਵਾਨਾਂ ਦੀਆਂ ਜਾਨਾਂ ਜ਼ੋਖ਼ਮ ਵਿੱਚ ਪੈ ਰਹੀਆਂ ਹਨ।

ਹਰਕੂਲਸ C-130 ਜਹਾਜ਼ ਭਾਵੇਂ ਦੁਨੀਆ ਭਰ ਵਿੱਚ ਭਰੋਸੇਮੰਦ ਮੰਨੇ ਜਾਂਦੇ ਹਨ, ਪਰ ਪੁਰਾਣੇ ਮਾਡਲਾਂ ਦੀ ਮੇਨਟੇਨੈਂਸ ਅਤੇ ਖ਼ਰਾਬ ਮੌਸਮ ਅਕਸਰ ਅਜਿਹੇ ਹਾਦਸਿਆਂ ਦਾ ਕਾਰਨ ਬਣਦੇ ਹਨ। ਫਿਲਹਾਲ ਜਾਂਚ ਟੀਮਾਂ ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ, ਪਰ ਫ਼ੌਜੀ ਜਵਾਨਾਂ ਦੇ ਵੱਡੇ ਪੱਧਰ 'ਤੇ ਹੋਏ ਇਸ ਜਾਨੀ ਨੁਕਸਾਨ ਕਾਰਨ ਪੂਰੀ ਦੁਨੀਆ 'ਚ ਸੋਗ ਦੀ ਲਹਿਰ ਦੌੜ ਗਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਦੁੱਗਣੀ ਹੋਈ ਪੈਟਰੋਲ ਦੀ ਕੀਮਤ ! ਇਰਾਨ ਜੰਗ ਕਾਰਨ ਗੁਆਂਢੀ ਮੁਲਕ ਦਾ ਹੋਇਆ ਬੁਰਾ ਹਾਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News