ਜਲਵਾਯੂ ਤਬਦੀਲੀ ਕਾਰਨ ਦੁਨੀਆ ਭਰ ਦੀਆਂ ਨਦੀਆਂ ’ਚ ‘ਆਕਸੀਜਨ ਦੀ ਮਾਤਰਾ’ ਵਿਚ ਕਮੀ
Sunday, May 17, 2026 - 03:40 PM (IST)
ਵਾਸ਼ਿੰਗਟਨ (ਭਾਸ਼ਾ)- ਗਲੋਬਲ ਤਾਪਮਾਨ ਵਿਚ ਵਾਧੇ ਕਾਰਨ ਨਦੀਆਂ ਵਿਚ ਹੌਲੀ-ਹੌਲੀ ਆਕਸੀਜਨ ਘੱਟ ਹੁੰਦੀ ਜਾ ਰਹੀ ਹੈ, ਜਿਸ ਨਾਲ ਮੱਛੀਆਂ ਅਤੇ ਨਦੀਆਂ ਵਿਚ ਰਹਿਣ ਵਾਲੇ ਦੂਜੇ ਜੀਵਾਂ ਦੀ ਹੋਂਦ ’ਤੇ ਖ਼ਤਰਾ ਮੰਡਰਾਅ ਰਿਹਾ ਹੈ। ਇਕ ਨਵੇਂ ਅਧਿਐਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ। ਚੀਨ ਦੇ ਖੋਜਕਰਤਾਵਾਂ ਨੇ ਸੈਟੇਲਾਈਟਾਂ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਰਾਹੀਂ ਸਾਲ 1985 ਤੋਂ ਦੁਨੀਆ ਭਰ ਦੀਆਂ 21,000 ਤੋਂ ਵੱਧ ਨਦੀਆਂ ਵਿਚ ਆਕਸੀਜਨ ਦੇ ਪੱਧਰ ਦਾ ਅਧਿਐਨ ਅਤੇ ਵਿਸ਼ਲੇਸ਼ਣ ਕੀਤਾ।
ਸਾਇੰਸ ਐਡਵਾਂਸੇਜ਼ ਮੈਗਜ਼ੀਨ ਵਿਚ ਸ਼ੁੱਕਰਵਾਰ ਨੂੰ ਪ੍ਰਕਾਸ਼ਿਤ ਇਸ ਅਧਿਐਨ ਦੇ ਅਨੁਸਾਰ 1985 ਤੋਂ ਹੁਣ ਤੱਕ ਨਦੀਆਂ ਵਿਚ ਆਕਸੀਜਨ ਦਾ ਪੱਧਰ ਔਸਤਨ 2.1 ਫੀਸਦੀ ਘਟ ਗਿਆ ਹੈ। ਪਹਿਲੀ ਨਜ਼ਰੇ ਇਹ ਗਿਰਾਵਟ ਬਹੁਤ ਵੱਡੀ ਨਹੀਂ ਲੱਗਦੀ ਪਰ ਵਿਗਿਆਨੀਆਂ ਦਾ ਕਹਿਣਾ ਹੈ ਕਿ ਇਸ ਦਾ ਅਸਰ ਲਗਾਤਾਰ ਵਧਦਾ ਜਾਂਦਾ ਹੈ ਅਤੇ ਜੇ ਇਹੋ ਰਫ਼ਤਾਰ ਰਹੀ ਜਾਂ ਇਸ ਵਿਚ ਹੋਰ ਤੇਜ਼ੀ ਆਈ ਤਾਂ ਇਸ ਸਦੀ ਦੇ ਅੰਤ ਤੱਕ ਪੂਰਬੀ ਅਮਰੀਕਾ, ਭਾਰਤ ਅਤੇ ਗਰਮ ਖੇਤਰਾਂ ਦੀਆਂ ਕਈ ਨਦੀਆਂ ਵਿਚ ਆਕਸੀਜਨ ਦਾ ਪੱਧਰ ਘੱਟ ਹੋ ਸਕਦਾ ਹੈ।
