ਅਮਰੀਕਾ ਤੋਂ ਦੁੱਖਦਾਇਕ ਖ਼ਬਰ , 2 ਹੋਣਹਾਰ ਭਾਰਤੀ ਵਿਦਿਆਰਥਣਾਂ ਦੀ ਡੁੱਬਣ ਕਾਰਨ ਮੌਤ
Friday, Jun 19, 2026 - 11:27 AM (IST)
ਕੈਲੀਫੋਰਨੀਆ: ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੈਂਟਾ ਕਰੂਜ਼ ਕਾਉਂਟੀ ਦੇ ਤੱਟ 'ਤੇ ਭਾਰਤੀ ਮੂਲ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਪ੍ਰਸ਼ਾਂਤ ਮਹਾਂਸਾਗਰ ਦੀਆਂ ਤੇਜ਼ ਲਹਿਰਾਂ ਦੀ ਲਪੇਟ ਵਿੱਚ ਆ ਗਈਆਂ। ਇਸ ਹਾਦਸੇ ਵਿੱਚ 21 ਸਾਲਾ ਹਰਸ਼ਿਤਾ ਨਾਇਰ ਅਤੇ 20 ਸਾਲਾ ਮਹੀਆਲ ਸਰਾਣ ਦੀ ਮੌਤ ਹੋ ਗਈ ਹੈ, ਜਿਸ ਨਾਲ ਪੂਰੇ ਭਾਰਤੀ-ਅਮਰੀਕੀ ਭਾਈਚਾਰੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ 10 ਜੂਨ ਨੂੰ ਬੋਨੀ ਡੂਨ ਬੀਚ ਅਤੇ ਯੈਲੋ ਬੈਂਕ ਬੀਚ ਦੇ ਵਿਚਕਾਰ ਸਥਿਤ ਇੱਕ ਪਥਰੀਲੇ ਇਲਾਕੇ ਵਿੱਚ ਵਾਪਰਿਆ, ਜਿਸ ਨੂੰ 'ਕੀਹੋਲ' ਵਜੋਂ ਜਾਣਿਆ ਜਾਂਦਾ ਹੈ। ਦੋਵੇਂ ਸਹੇਲੀਆਂ ਸਮੁੰਦਰ ਕਿਨਾਰੇ ਬੈਠੀਆਂ ਸਨ ਕਿ ਅਚਾਨਕ ਪਾਣੀ ਦੀਆਂ ਤੇਜ ਲਹਿਰਾਂ ਉਨਾਂ ਨੂੰ ਪਾਣੀ ਵਿੱਚ ਵਹਾ ਕੇ ਲੈ ਗਈਆਂ। ਹਾਦਸੇ ਤੋਂ ਤੁਰੰਤ ਬਾਅਦ ਫਾਇਰ ਬ੍ਰਿਗੇਡ, ਲਾਈਫਗਾਰਡ ਅਤੇ ਹੈਲੀਕਾਪਟਰ ਦੀ ਮਦਦ ਨਾਲ ਇੱਕ ਵੱਡੀ ਬਚਾਅ ਮੁਹਿੰਮ ਚਲਾਈ ਗਈ। ਅੱਠ ਬਚਾਅ ਤੈਰਾਕਾਂ ਨੇ ਭਾਰੀ ਮੁਸ਼ੱਕਤ ਤੋਂ ਬਾਅਦ ਦੋਵਾਂ ਕੁੜੀਆਂ ਨੂੰ ਬਾਹਰ ਕੱਢਿਆ। ਹਾਲਾਂਕਿ ਹਰਸ਼ਿਤਾ ਨਾਇਰ ਨੇ ਬਚਾਅ ਦੇ ਤੁਰੰਤ ਬਾਅਦ ਦਮ ਤੋੜ ਦਿੱਤਾ, ਜਦਕਿ ਮਹੀਆਲ ਸਰਾਣ ਦੀ ਤਿੰਨ ਦਿਨਾਂ ਤੱਕ ਹਸਪਤਾਲ ਵਿੱਚ ਮੌਤ ਨਾਲ ਜੰਗ ਲੜਨ ਤੋਂ ਬਾਅਦ 13 ਜੂਨ ਨੂੰ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਜਾਪਾਨ ਦੇ ਐਲੀਮੈਂਟਰੀ ਸਕੂਲ 'ਚ ਲੱਗੀ ਅੱਗ, ਵਿਦਿਆਰਥੀਆਂ ਸਣੇ ਬਚਾਏ ਗਏ 330 ਲੋਕ
ਮ੍ਰਿਤਕ ਹਰਸ਼ਿਤਾ ਨਾਇਰ ਯੂਨੀਵਰਸਿਟੀ ਆਫ਼ ਕੈਲੀਫੋਰਨੀਆ, ਬਰਕਲੇ ਵਿੱਚ ਲੀਗਲ ਸਟੱਡੀਜ਼ ਦੀ ਪੜ੍ਹਾਈ ਕਰ ਰਹੀ ਸੀ, ਜਦਕਿ ਮਹੀਆਲ ਸਰਾਣ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ ਵਿੱਚ ਪਬਲਿਕ ਹੈਲਥ ਦੀ ਵਿਦਿਆਰਥਣ ਸੀ। ਦੋਵੇਂ ਫਰੀਮਾਂਟ ਦੀਆਂ ਰਹਿਣ ਵਾਲੀਆਂ ਸਨ ਅਤੇ 2023 ਵਿੱਚ ਵਾਸ਼ਿੰਗਟਨ ਹਾਈ ਸਕੂਲ ਤੋਂ ਗ੍ਰੈਜੂਏਟ ਹੋਈਆਂ ਸਨ। ਉਨ੍ਹਾਂ ਦੇ ਅਧਿਆਪਕਾਂ ਅਤੇ ਦੋਸਤਾਂ ਨੇ ਉਨ੍ਹਾਂ ਨੂੰ ਬੇਹੱਦ ਮਿਹਨਤੀ ਅਤੇ ਮਿਲਣਸਾਰ ਦੱਸਿਆ ਹੈ।
ਅਧਿਕਾਰੀਆਂ ਨੇ ਦੱਸਿਆ ਕਿ 'ਕੀਹੋਲ' ਇਲਾਕਾ ਸੈਲਾਨੀਆਂ ਲਈ ਬਹੁਤ ਖ਼ਤਰਨਾਕ ਹੈ ਕਿਉਂਕਿ ਇੱਥੇ ਪਾਣੀ ਦਾ ਪੱਧਰ ਬਹੁਤ ਤੇਜ਼ੀ ਨਾਲ ਵਧਦਾ ਹੈ, ਜਿਸ ਕਾਰਨ ਬਚਣ ਦਾ ਰਸਤਾ ਨਹੀਂ ਮਿਲਦਾ। ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਮੁੰਦਰ ਦੇ ਕਿਨਾਰੇ ਜਾਣ ਸਮੇਂ ਜਵਾਰਭਾਟੇ ਦੀ ਭਵਿੱਖਬਾਣੀ ਨੂੰ ਜ਼ਰੂਰ ਦੇਖਣ ਅਤੇ ਖ਼ਤਰਨਾਕ ਇਲਾਕਿਆਂ ਵਿੱਚ ਜਾਣ ਤੋਂ ਗੁਰੇਜ਼ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
