ਕੈਨੇਡਾ ਦਾ ਵਿੱਤ ਮਹਿਕਮਾ ਸੰਭਾਲਣ ਵਾਲੀ ਪਹਿਲੀ ਬੀਬੀ ਹੋਵੇਗੀ ਕ੍ਰਿਸਟੀਆ ਫ੍ਰੀਲੈਂਡ
Wednesday, Aug 19, 2020 - 03:19 AM (IST)
ਟੋਰਾਂਟੋ: ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੋਰਨੀਊ ਦੇ ਅਸਤੀਫੇ ਤੋਂ ਬਾਅਦ ਕੈਨੇਡਾ ਦੀ ਉਪ-ਪ੍ਰਧਾਨ ਮੰਤਰੀ ਦਾ ਨਾਮ ਕੈਨੇਡਾ ਦੇ ਨਵੇਂ ਵਿੱਤ ਮੰਤਰੀ ਦੇ ਤੌਰ 'ਤੇ ਸਾਹਮਣੇ ਆਇਆ ਹੈ। ਟਰੂਡੋ ਸਰਕਾਰ ਦੀ ਕੈਬਨਿਟ ਵਿਚ ਹੋਏ ਛੋਟੇ ਫੇਰਬਦਲ ਦੌਰਾਨ ਇਹ ਫੈਸਲਾ ਲਿਆ ਜਾ ਰਿਹਾ ਹੈ।
ਕੈਨੇਡਾ ਦੇ ਵਿੱਤ ਮੰਤਰੀ ਨੇ ਕੈਨੇਡਾ ਦੇ ਵਿੱਤ ਮੰਤਰਾਲਾ ਵਿਚ ਪੰਜ ਸਾਲ ਲੰਘਾਉਣ ਤੋਂ ਬਾਅਦ ਸਿਆਸੀ ਦਬਾਅ ਦੇ ਚੱਲਦੇ ਅਚਾਨਕ ਅਸਤੀਫਾ ਦੇ ਦਿੱਤਾ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਸਿਆਸਤ ਤੋਂ ਸੰਨਿਆਸ ਦੀ ਗੱਲ ਵੀ ਕਹੀ। ਇਸ ਦੌਰਾਨ ਤੁਹਾਨੂੰ ਦੱਸ ਦਈਏ ਕਿ 52 ਸਾਲਾ ਸ੍ਰੀਮਤੀ ਫ੍ਰੀਲੈਂਡ ਕੈਨੇਡਾ ਵਿਚ ਇਸ ਅਹੁਦੇ ਨੂੰ ਸੰਭਾਲਣ ਵਾਲੀ ਪਹਿਲੀ ਮਹਿਲਾ ਹੋਵੇਗੀ। ਉਹ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਸਭ ਤੋਂ ਭਰੋਸੇਮੰਦ ਮੰਤਰੀਆਂ ਵਿਚੋਂ ਇੱਕ ਹੈ। ਕੈਨੇਡਾ ਕੋਰੋਨਾ ਵਾਇਰਸ ਕਾਰਣ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੇ ਆਰਥਿਕ ਸੰਕਟ ਤੋਂ ਲੰਘ ਰਿਹਾ ਹੈ।
ਦੱਸ ਦਈਏ ਕਿ ਕ੍ਰਿਸਟੀਆ ਇਸ ਤੋਂ ਪਹਿਲਾਂ ਕੈਬਨਿਟ ਵਿਚ ਕਈ ਸੀਨੀਅਰ ਅਹੁਦੇ ਸੰਭਾਲ ਚੁੱਕੀ ਹੈ। ਟਰੂਡੋ ਸਰਕਾਰ ਵਿਚ ਉਹ ਵਿਦੇਸ਼ ਮੰਤਰੀ ਦਾ ਅਹੁਦਾ ਵੀ ਸੰਭਾਲ ਚੁੱਕੀ ਹੈ। ਸਾਬਕਾ ਪੱਤਰਕਾਰ ਨੂੰ ਪਹਿਲੀ ਵਾਰ 2013 ਵਿਚ ਸੰਸਦ ਮੈਂਬਰ ਵਜੋਂ ਚੁਣਿਆ ਗਿਆ ਸੀ।