ਕ੍ਰਿਸਮਸ ਤੇ ਨਵੇਂ ਸਾਲ ਮੌਕੇ ਸਪੇਨ ਸਰਕਾਰ ਕਰੇਗੀ ਸਖ਼ਤਾਈ, ਪੀ. ਐੱਮ. ਹੋਏ ਇਕਾਂਤਵਾਸ

Saturday, Dec 19, 2020 - 03:45 PM (IST)

ਕ੍ਰਿਸਮਸ ਤੇ ਨਵੇਂ ਸਾਲ ਮੌਕੇ ਸਪੇਨ ਸਰਕਾਰ ਕਰੇਗੀ ਸਖ਼ਤਾਈ, ਪੀ. ਐੱਮ. ਹੋਏ ਇਕਾਂਤਵਾਸ

ਬਾਰਸੀਲੋਨਾ, (ਰਾਜੇਸ਼)- ਸਪੇਨ ਦੀ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਨੂੰ ਦੇਖਦਿਆਂ ਸੂਬਿਆਂ ਦੀਆਂ ਸਰਕਾਰਾਂ ਨੂੰ ਹੁਕਮ ਦਿੱਤਾ ਗਿਆ ਹੈ ਕਿ ਹੁਣ ਸੂਬਾ ਸਰਕਾਰ ਖੁਦ ਫੈਸਲਾ ਲਵੇਗੀ ਕਿ ਉਹ ਨਵੇਂ ਸਾਲ ਅਤੇ ਕ੍ਰਿਸਮਸ ਮੌਕੇ ਕਿਸ ਤਰ੍ਹਾਂ ਕੋਰੋਨਾ ਤੋਂ ਸੁਰੱਖਿਆ ਪ੍ਰਬੰਧ ਕਰਨਗੇ। ਲੋਕਾਂ ਵਿਚ ਇਨ੍ਹਾਂ ਤਿਉਹਾਰਾਂ ਲਈ ਭਾਰੀ ਉਤਸ਼ਾਹ ਹੈ ਪਰ ਕੋਰੋਨੋਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਲੋਕਾਂ ਦੇ ਘੁੰਮਣ-ਫਿਰਨ 'ਤੇ ਰੋਕ ਲਾਉਣਾ ਜ਼ਰੂਰੀ ਹੈ। 
ਪਿਛਲੇ 15 ਦਿਨਾਂ ਤੋਂ ਸਪੇਨ ਦੀ ਰਾਜਧਾਨੀ ਮੈਡਰਿਡ ਤੇ ਬੈਲਰਾਸ ਵਿਚ ਕੋਰੋਨਾ ਦੇ ਵੱਧਦੇ ਮਾਮਲਿਆਂ ਕਾਰਨ ਸਰਕਾਰ ਨੇ ਕਿਹਾ ਕਿ ਉਹ ਪੂਰੇ ਸਪੇਨ ਵਿਚ ਸਖਤ ਨਿਯਮ ਲਾਗੂ ਕਰਨ ਦੀ ਤਿਆਰੀ ਵਿਚ ਹਨ।

ਸਪੇਨ ਵਿਚ 15 ਮਾਰਚ ਨੂੰ ਪਹਿਲੀ ਵਾਰ ਤਾਲਾਬੰਦੀ ਕੀਤੀ ਗਈ ਸੀ, ਜੋ ਲਗਭਗ ਦੋ ਮਹੀਨੇ ਚੱਲੀ। ਪਿਛਲੇ ਮਹੀਨੇ ਕੋਰੋਨਾ ਦੀ ਦੂਜੀ ਲਹਿਰ ਕਾਰਨ ਮੁੜ 3 ਹਫਤਿਆਂ ਲਈ ਤਾਲਾਬੰਦੀ ਕੀਤੀ ਗਈ, ਜਿਸ ਨਾਲ ਕੋਰਨਾ ਪੀੜਤਾਂ ਦੀ ਗਿਣਤੀ ਵਿਚ ਕੁਝ ਗਿਰਾਵਟ ਆਈ ਤੇ ਦੂਜੀ ਤਾਲਾਬੰਦੀ ਵਿਚ ਢਿੱਲ ਦਿੱਤੀ ਗਈ। 

ਉੱਥੇ ਹੀ, ਕਤਲੋਨੀਆ ਸਰਕਾਰ ਨੇ ਬਾਰ ਤੇ ਰੈਸਟੋਰੈਂਟ ਵਿਚ 30 ਫ਼ੀਸਦੀ ਇਕੱਠ ਹੋਣ ਦੀ ਆਗਿਆ ਦਿੱਤੀ ਹੈ। ਸਰਕਾਰ ਦੇ ਇਹ ਹੁਰਮ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਨ ਹਨ, ਬਾਕੀ ਦੋ ਦਿਨਾਂ ਲਈ ਕੋਈ ਢਿੱਲ ਨਹੀਂ ਹੈ। ਸ਼ਨੀਵਾਰ ਤੇ ਐਤਵਾਰ ਨੂੰ ਕੋਈ ਪਿੰਡ ਤੋਂ ਦੂਜੇ ਪਿੰਡ ਜਾਂ ਸ਼ਹਿਰ ਵੀ ਨਹੀਂ ਜਾ ਸਕਦਾ। 
ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਕੇ 18,17,448 ਹੋ ਗਈ ਹੈ ਤੇ 48,926 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 2,49,18,644 ਲੋਕਾਂ ਦਾ ਕੋਰੋਨਾ ਟੈਸਟ ਹੋ ਚੁੱਕਾ ਹੈ। 
ਸਰਕਾਰ ਨੇ ਸਕੂਲਾਂ ਨੂੰ 11 ਜਨਵਰੀ ਨੂੰ ਖੋਲ੍ਹਣ ਦਾ ਫੈਸਲਾ ਲਿਆ ਹੈ। ਸਿਹਤ ਵਿਭਾਗ ਮੁਤਾਬਕ ਅਮਰੀਕੀ ਕੰਪਨੀ ਫਾਇਜ਼ਰ ਅਤੇ ਜਰਮਨ ਦੀ ਬਾਇਓਨਟੈਕ ਵਲੋਂ ਮਿਲ ਕੇ ਵਿਕਸਿਤ ਕੀਤੇ ਵੈਕਸੀਨ ਦਾ ਟ੍ਰਾਇਲ ਪਾਸ ਹੋਣ ਦੇ ਬਾਅਦ ਵੈਕਸੀਨ ਜਨਵਰੀ ਤੱਕ ਪੂਰੇ ਦੇਸ਼ ਵਿਚ ਵੰਡਿਆ ਜਾਵੇਗਾ। ਜਾਣਕਾਰੀ ਮੁਤਾਬਕ ਫਰਾਂਸ ਦੇ ਰਾਸ਼ਟਰਪਤੀ ਤੇ ਸਪੇਨ ਦੇ ਪ੍ਰਧਾਨ ਮੰਤਰੀ ਦੀ ਕੁਝ ਦਿਨ ਪਹਿਲਾਂ ਮੁਲਾਕਾਤ ਹੋਈ ਸੀ ਤੇ ਫਰਾਂਸ ਦੇ ਰਾਸ਼ਟਰਪਤੀ ਕੋਰੋਨਾ ਪਾਜ਼ੀਟਿਵ ਨਿਕਲੇ ਹਨ, ਜਿਸ ਕਾਰਨ ਸਪੇਨ ਦੇ ਪ੍ਰਧਾਨ ਮੰਤਰੀ ਇਕਾਂਤਵਾਸ ਹੋ ਗਏ ਹਨ। 


author

Lalita Mam

Content Editor

Related News