ਈਸਾ ਮਸੀਹ ਦੇ ਜਨਮ ਸਥਾਨ ਬੈਥਲਹਮ ''ਚ ਕ੍ਰਿਸਮਸ ਦਾ ਜਸ਼ਨ ਕੋਰੋਨਾ ਵਾਇਰਸ ਕਾਰਨ ਪਿਆ ਫਿੱਕਾ
Friday, Dec 24, 2021 - 05:23 PM (IST)
ਬੈਥਲਹਮ (ਭਾਸ਼ਾ)- ਬੈਥਲਹਮ ਸ਼ਹਿਰ ਵਿਚ ਕ੍ਰਿਸਮਸ ਦੀਆਂ ਤਿਆਰੀਆਂ ਲਗਾਤਾਰ ਦੂਜੇ ਸਾਲ ਕੋਰੋਨਾ ਵਾਇਰਸ ਕਾਰਨ ਪ੍ਰਭਾਵਿਤ ਹੋਈਆਂ ਹਨ। ਈਸਾ ਮਸੀਹ ਦੇ ਜਨਮ ਸਥਾਨ 'ਤੇ ਸ਼ੁੱਕਰਵਾਰ ਨੂੰ ਲੋਕਾਂ ਦੀ ਘੱਟ ਭੀੜ ਅਤੇ ਉਦਾਸ ਮਾਹੌਲ ਨੇ ਜਸ਼ਨਾਂ ਨੂੰ ਫਿੱਕਾ ਕਰ ਦਿੱਤਾ। ਇਹ ਪੱਛਮੀ ਤੱਟ 'ਤੇ ਵਿਦੇਸ਼ੀ ਸੈਲਾਨੀਆਂ ਲਈ ਮੁੱਖ ਪ੍ਰਵੇਸ਼ ਸਥਾਨ ਹੈ। ਕੋਰੋਨਾ ਕਾਰਨ ਲਗਾਤਾਰ ਦੂਜੇ ਸਾਲ ਅੰਤਰਰਾਸ਼ਟਰੀ ਸੈਲਾਨੀਆਂ ਨੇ ਇੱਥੇ ਆਉਣ ਤੋਂ ਪਰਹੇਜ ਕੀਤਾ। ਇਹ ਪਾਬੰਦੀਆਂ ਕੋਰੋਨਾ ਵਾਇਰਸ ਦੇ ਬਹੁਤ ਜ਼ਿਆਦਾ ਛੂਤਕਾਰੀ ਓਮੀਕਰੋਨ ਵੇਰੀਐਂਟ ਦੇ ਪ੍ਰਸਾਰ ਨੂੰ ਫੈਲਣ ਤੋਂ ਰੋਕਣ ਲਈ ਹਨ, ਜਿਸ ਨੇ ਦੁਨੀਆ ਭਰ ਵਿਚ ਕ੍ਰਿਸਮਸ ਦੇ ਜਸ਼ਨਾਂ ਨੂੰ ਪ੍ਰਭਾਵਿਤ ਕੀਤਾ ਹੈ।
ਇਹ ਵੀ ਪੜ੍ਹੋ : ਇਮਰਾਨ ਨੇ ਦਿੱਤੀ ਭਾਰਤ ਦੀ ਮਿਸਾਲ, ਮੰਨਿਆ ਇਸ ਖੇਤਰ ’ਚ ਪਿੱਛੇ ਰਹਿ ਗਿਆ ਪਾਕਿਸਤਾਨ
ਬੈਥਲਹਮ ਦੇ ਮੇਅਰ, ਟੋਨੀ ਸਲਮਾਨ ਨੇ ਕਿਹਾ ਕਿ ਸ਼ਹਿਰ ਆਸ਼ਾਵਾਦੀ ਹੈ ਕਿ 2021 ਪਿਛਲੇ ਸਾਲ ਦੇ ਕ੍ਰਿਸਮਸ ਨਾਲੋਂ ਬਿਹਤਰ ਰਹੇਗਾ, ਜਦੋਂ ਸਥਾਨਕ ਨਿਵਾਸੀ ਵੀ ਤਾਲਾਬੰਦੀ ਦੀਆਂ ਪਾਬੰਦੀਆਂ ਕਾਰਨ ਘਰ ਹੀ ਰਹੇ ਸਨ। ਸਲਮਾਨ ਨੇ ਕਿਹਾ, 'ਪਿਛਲੇ ਸਾਲ ਇਹ ਤਿਉਹਾਰ ਡਿਜੀਟਲ ਤਰੀਕੇ ਨਾਲ ਮਨਾਇਆ ਗਿਆ ਸੀ ਪਰ ਇਸ ਸਾਲ ਇਹ ਲੋਕਾਂ ਦੀ ਸਿੱਧੀ ਭਾਗੀਦਾਰੀ ਨਾਲ ਹੋਵੇਗਾ।'
ਪੁਲਸ ਨੇ ਸਕਾਊਟ ਬੈਂਡ ਦੇ ਮਾਂਗੇਰ ਸਕੁਏਰ ਤੋਂ ਮਾਰਚ ਕਰਨ ਤੋਂ ਪਹਿਲਾਂ ਸ਼ੁੱਕਰਵਾਰ ਤੜਕੇ ਬੈਰੀਕੇਡ ਲਗਾ ਦਿੱਤੇ ਸਨ। ਸਕਾਊਟ ਬੈਂਡ ਦਾ ਇਹ ਮਾਰਚ ਯਰੂਸ਼ਲਮ ਤੋਂ ਰੋਮਨ ਪਾਦਰੀ ਪੀਅਰਬੈਤਿਸਤਾ ਪਿਜ਼ਾਬੱਲਾ ਦੇ ਇਸ ਪਵਿੱਤਰ ਧਰਤੀ 'ਤੇ ਆਗਮਨ ਤੋਂ ਪਹਿਲਾਂ ਕੀਤਾ ਗਿਆ। ਪਿਜ਼ਾਬੱਲਾ ਨੇ ਨੇੜਲੀ ਚਰਚ ਆਫ਼ ਦਿ ਨੇਟੀਵਿਟੀ ਵਿਖੇ ਵਿਸ਼ੇਸ਼ ਰਾਤ ਦੀ ਪ੍ਰਾਰਥਨਾ ਵਿਚ ਸ਼ਾਮਲ ਹੋਣਾ ਹੈ। ਉਥੇ ਉਹ ਜਗ੍ਹਾ ਸਥਿਤ ਹੈ ਜਿੱਥੇ ਈਸਾਈਆਂ ਦਾ ਮੰਨਣਾ ਹੈ ਕਿ ਯਿਸੂ ਦਾ ਜਨਮ ਹੋਇਆ ਸੀ। ਇਨ੍ਹਾਂ ਬੈਰੀਕੇਡਾਂ ਨੇੜੇ ਲਗਭਗ 100 ਸੈਲਾਨੀ ਇਕੱਠੇ ਹੋਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਫਲਸਤੀਨੀ ਸਨ।
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।