ਭਾਸ਼ਣ ਦੌਰਾਨ ਕਈ ਵਾਰ ਖੰਘੇ ਚੀਨੀ ਰਾਸ਼ਟਰਪਤੀ ਜਿਨਪਿੰਗ, ਲੋਕਾਂ ਕਿਹਾ, 'ਹੋ ਗਿਆ ਕੋਰੋਨਾ'
Friday, Oct 16, 2020 - 09:13 PM (IST)
ਬੀਜ਼ਿੰਗ - ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਜੋ ਪਿਛਲੇ ਦਿਨੀਂ ਦੇਸ਼ ਦੇ ਇਕ ਹਿੱਸੇ ਵਿਚ ਅਧਿਕਾਰਕ ਦੌਰੇ 'ਤੇ ਰਵਾਨਾ ਹੋਏ ਹਨ, ਉਨ੍ਹਾਂ ਦੇ ਕੋਰੋਨਾਵਾਇਰਸ ਲਾਗ ਤੋਂ ਇਨਫੈਕਟਿਡ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਇਕ ਆਨ ਏਅਰ ਸਪੀਚ ਵਿਚ ਰਾਸ਼ਟਰਪਤੀ ਲਗਾਤਾਰ ਖੰਘਦੇ ਰਹੇ ਅਤੇ ਇਸ ਤੋਂ ਬਾਅਦ ਹੀ ਉਨ੍ਹਾਂ ਦੇ ਇਨਫੈਕਟਿਡ ਹੋਣ ਨੂੰ ਲੈ ਕੇ ਚਰਚਾ ਗਰਮ ਹੈ। ਦਿਲਚਸਪ ਗੱਲ ਇਹ ਹੈ ਕਿ ਜਦੋਂ-ਜਦੋਂ ਜਿਨਪਿੰਗ ਨੂੰ ਖੰਘ ਆਉਂਦੀ, ਸਰਕਾਰੀ ਮੀਡੀਆ ਕੈਮਰੇ ਨੂੰ ਰਾਸ਼ਟਰਪਤੀ ਤੋਂ ਹਟਾ ਕੇ ਭੀੜ 'ਤੇ ਫੋਕਸ ਕਰਨ ਲੱਗਦੇ।
ਸਰਕਾਰੀ ਮੀਡੀਆ ਨੇ ਐਡਿਟ ਕੀਤੀ ਵੀਡੀਓ
ਜਿਹੜੀ ਆਡੀਓ ਸਾਹਮਣੇ ਆਈ ਹੈ ਉਸ ਵਿਚ ਸਾਫ ਸੁਣਿਆ ਜਾ ਸਕਦਾ ਹੈ ਕਿ ਰਾਸ਼ਟਰਪਤੀ ਜਿਨਪਿੰਗ ਵਾਰ-ਵਾਰ ਆਪਣੇ ਗਲੇ ਨੂੰ ਸਾਫ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਸ਼ੱਕ ਜਤਾਇਆ ਜਾਣ ਲੱਗਾ ਹੈ ਕਿ ਰਾਸ਼ਟਰਪਤੀ ਜਿਨਪਿੰਗ ਕੋਰੋਨਾ ਤੋਂ ਇਨਫੈਕਟਿਡ ਹੋ ਗਏ ਹਨ। ਇਕ ਯੂਜ਼ਰ ਨੇ ਲਿੱਖਿਆ ਕਿ ਸ਼ੀ ਜਿਨਪਿੰਗ ਨੂੰ ਸ਼ਾਇਦ ਕੋਰੋਨਾ ਹੋ ਗਿਆ ਹੈ ਅਤੇ ਚੀਨੀ ਮੀਡੀਆ ਨੇ ਉਨ੍ਹਾਂ ਦੀ ਖੰਘ ਵਾਲੀ ਕਲਿੱਪ ਨੂੰ ਐਡਿਟ ਕਰ ਦਿੱਤਾ ਹੈ। ਇਕ ਹੋਰ ਯੂਜ਼ਰ ਨੇ ਲਿੱਖਿਆ ਕਿ ਬੁੱਧਵਾਰ ਨੂੰ ਸ਼ੇਨਜਾਨ ਵਿਚ ਚੀਨ ਦੇ ਪਹਿਲੇ ਸਪੈਸ਼ਲ ਇਕਨਾਮਿਕ ਜ਼ੋਨ ਦੇ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਖੰਘ ਆਉਂਦੀ ਰਹੀ। ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ ਵਿਚ ਜਿਨਪਿੰਗ ਨੂੰ ਬਿਨਾਂ ਮਾਸਕ ਪਾਏ ਭੀੜ ਨਾਲ ਮਿਲਦੇ ਹੋਏ ਦੇਖਿਆ ਜਾ ਸਕਦਾ ਹੈ। ਹਾਲਾਂਕਿ ਉਹ ਦੂਰੀ ਨੂੰ ਬਰਕਰਾਰ ਰੱਖੇ ਹੋਏ ਸਨ।
ਚੀਨ 'ਤੇ ਲੱਗੇ ਅੰਕੜੇ ਲੁਕਾਉਣ ਦੇ ਦੋਸ਼
ਸ਼ੀ ਜਿਨਪਿੰਗ ਦੱਖਣੀ ਚੀਨ ਦੇ ਦੌਰ 'ਤੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਸ਼ੇਨਜਾਨ ਦਾ ਦੌਰਾ ਵੀ ਕੀਤਾ। ਚੀਨ ਵਿਚ ਇਸ ਸਮੇਂ ਰੁਜ਼ਾਨਾ ਕਈ ਦਰਜਨ ਨਵੇਂ ਕੋਰੋਨਾ ਮਾਮਲੇ ਆ ਰਹੇ ਹਨ। ਇਹ ਵੀ ਆਖਿਆ ਜਾ ਰਿਹਾ ਹੈ ਕਿ ਚੀਨ ਆਪਣੇ ਅੰਕੜਿਆਂ ਨੂੰ ਲੁਕਾ ਰਿਹਾ ਹੈ। ਪਰ ਜਿਨਪਿੰਗ ਅਤੇ ਉਨ੍ਹਾਂ ਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਅੱਗੇ ਵਧਾਉਣ ਦੇ ਮਕਸਦ ਨਾਲ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਬੀਜ਼ਿੰਗ ਵਿਚ ਇਸ ਸਮੇਂ ਕੋਰੋਨਾਵਾਇਰਸ ਦੇ ਖਿਲਾਫ ਮਜ਼ਬੂਤੀ ਨਾਲ ਪ੍ਰਤੀਕਿਰਿਆ ਦੇਣ ਦੇ ਲਈ ਤੇਜ਼ੀ ਨਾਲ ਆਰਥਿਕ ਗਤੀਵਿਧੀਆਂ ਨੂੰ ਵਧਾਇਆ ਜਾ ਰਿਹਾ ਹੈ। ਸ਼ੇਨਜਾਨ ਵਿਚ ਜਿਨਪਿੰਗ ਅਜਿਹੇ ਵੇਲੇ ਵਿਚ ਪਹੁੰਚੇ ਸਨ ਜਦ ਇਹ ਥਾਂ ਆਪਣੀ 40ਵੀਂ ਵਰ੍ਹੇਗੰਢ ਮਨਾ ਰਿਹਾ ਸੀ। ਸ਼ੇਨਜਾਨ ਚੀਨ ਦਾ ਇਕ ਪੁਰਾਣਾ ਪਿੰਡ ਹੈ ਪਰ ਹੁਣ ਇਹ ਮੁਕਤ ਵਪਾਰ ਦਾ ਗੜ੍ਹ ਬਣ ਗਿਆ ਹੈ। ਜਿਨਪਿੰਗ ਨੇ ਆਪਣੇ ਭਾਸ਼ਣ ਦੌਰਾਨ ਨਵੇਂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਲਈ ਨਿਯਮਾਂ ਵਿਚ ਢਿੱਲ ਦੇਣ ਦਾ ਵਾਅਦਾ ਕੀਤਾ ਹੈ।